ਜਲੰਧਰ ਵਿਖੇ PAP ਚੌਂਕ 'ਚ ਲੱਗਾ ਧਰਨਾ, ਰੂਟ ਡਾਇਵਰਜ਼ਨ ਦੇ ਬਾਵਜੂਦ ਲੱਗਿਆ ਲੰਬਾ ਜਾਮ
Sunday, Jan 01, 2023 - 03:41 PM (IST)
ਜਲੰਧਰ (ਸੋਨੂੰ)- ਨਵੇਂ ਸਾਲ ਦੇ ਪਹਿਲੇ ਦਿਨ ਜਲੰਧਰ 'ਚ ਅੱਜ ਕਿਸਾਨਾਂ ਅਤੇ ਲਤੀਫ਼ਪੁਰਾ ਦੇ ਲੋਕਾਂ ਵੱਲੋਂ ਪੀ. ਏ. ਪੀ. ਚੌਂਕ ਨੇੜੇ ਧਰਨਾ ਲਗਾ ਕੇ ਨੈਸ਼ਨਲ ਹਾਈਵੇਅ ਨੂੰ ਦੋਵੇਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ। ਇਹ ਧਰਨਾ ਦੁਪਹਿਰ 12:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲੱਗਾ ਰਿਹਾ। ਦੱਸ ਦੇਈਏ ਕਿ ਲਤੀਫ਼ਪੁਰਾ ਦੇ ਲੋਕਾਂ ਨੇ ਮੰਗ ਕੀਤੀ ਕਿ ਇੰਪੂਰਵਮੈਂਟ ਟਰੱਸਟ ਵੱਲੋਂ ਜਿਹੜੇ ਉਨ੍ਹਾਂ ਦੇ ਘਰਾਂ ਨੂੰ ਤੋੜਿਆ ਗਿਆ ਹੈ, ਉਸੇ ਜਗ੍ਹਾ 'ਤੇ ਉਨ੍ਹਾਂ ਦੇ ਘਰਾਂ ਨੂੰ ਮੁੜ ਬਣਾ ਕੇ ਦਿੱਤਾ ਜਾਵੇ।
ਧਰਨੇ 'ਤੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਜਦੋਂ ਧਰਨਾ ਦਿੱਤਾ ਗਿਆ ਸੀ ਤਾਂ ਸਰਕਾਰ ਦੇ ਮੰਤਰੀਆਂ ਨੇ ਸਾਡੇ ਨਾਲ ਟੇਬਲ ਟਾਕ ਕੀਤੀ ਸੀ ਪਰ ਕੋਈ ਹੱਲ ਨਹੀਂ ਨਿਕਲਿਆ ਕਿਉਂਕਿ ਸਰਕਾਰ ਇਸ ਗੱਲ 'ਤੇ ਅੜੀ ਹੋਈ ਹੈ ਕਿ ਲਤੀਫ਼ਪੁਰਾ ਦੇ ਲੋਕਾਂ ਨੂੰ ਇਹ ਜਗ੍ਹਾ ਖਾਲੀ ਕਰਨੀ ਪਵੇਗੀ ਅਤੇ ਅਸੀਂ ਉਨ੍ਹਾਂ ਨੂੰ ਦੂਜੀ ਜਗ੍ਹਾ 'ਤੇ ਮਕਾਨ ਅਲਾਟ ਕਰ ਦੇਣਗੇ। ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਸਾਡੇ ਘਰ ਹਨ, ਉੱਥੇ ਹੀ ਸਾਨੂੰ ਆਪਣਾ ਘਰ ਚਾਹੀਦੇ ਹਨ। ਭਾਵੇਂ ਇਸ ਜਾਮ ਨੂੰ ਵੇਖਦਿਆਂ ਪੁਲਸ ਨੇ ਪਹਿਲਾਂ ਹੀ ਰੂਟ ਡਾਇਵਰਟ ਕਰ ਦਿੱਤੇ ਸਨ ਪਰ ਫਿਰ ਵੀ ਲੋਕ ਪਰੇਸ਼ਾਨ ਹੁੰਦੇ ਰਹੇ।
ਇਹ ਵੀ ਪੜ੍ਹੋ : ਨਵੇਂ ਸਾਲ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕਪੂਰਥਲਾ ਵਿਖੇ 3 ਭੈਣਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ
ਪੁਲਸ ਨੇ ਅੰਮ੍ਰਿਤਸਰ ਤੋਂ ਲੁਧਿਆਣਾ ਵਾਇਆ ਸੁਭਾਨਪੁਰ ਤੋਂ ਟਾਂਡਾ ਹੁਸ਼ਿਆਰਪੁਰ, ਫਗਵਾੜਾ ਤੋਂ ਚੰਡੀਗੜ੍ਹ ਜਾਣ ਵਾਲੇ ਟਰੈਫਿਕ ਨੂੰ ਮੋੜ ਦਿੱਤਾ ਸੀ। ਉੱਥੇ ਹੀ ਪਠਾਨਕੋਟ ਤੋਂ ਲੁਧਿਆਣਾ ਜਾਣ ਵਾਲੇ ਟ੍ਰੈਫਿਕ ਲਈ ਦਸੂਹਾ ਤੋਂ ਹੁਸ਼ਿਆਰਪੁਰ ਤੋਂ ਫਗਵਾੜਾ ਕਰ ਦਿੱਤਾ। ਇਸੇ ਤਰ੍ਹਾਂ ਕਪੂਰਥਲਾ ਤੋਂ ਲੁਧਿਆਣਾ, ਚੰਡੀਗੜ੍ਹ ਵੱਲ ਜਾਣ ਵਾਲਿਆਂ ਨੂੰ ਨਕੋਦਰ, ਨੂਰਮਹਿਲ ਤੋਂ ਕੱਢਿਆ ਗਿਆ। ਲੁਧਿਆਣਾ ਤੋਂ ਆਉਣ ਵਾਲੀ ਟਰੈਫਿਕ ਨੂੰ ਫਗਵਾੜਾ ਤੋਂ ਮੇਹਟੀਆਣਾ ਵਾਇਆ ਹੁਸ਼ਿਆਰਪੁਰ ਮੋੜ ਦਿੱਤਾ ਗਿਆ। ਲੁਧਿਆਣਾ ਤੋਂ ਅੰਮ੍ਰਿਤਸਰ ਜਾਣ ਵਾਲੇ ਟਰੈਫਿਕ ਨੂੰ ਹਰਿਆਣਾ ਆਦਮਪੁਰ ਭੋਗਪੁਰ ਵੱਲ ਭੇਜਿਆ ਗਿਆ।
ਇਹ ਵੀ ਪੜ੍ਹੋ : ਜਲੰਧਰ ਦੇ ਜਿਮਖਾਨਾ ਕਲੱਬ ’ਚ ਮਨਾਇਆ ਗਿਆ ਨਵੇਂ ਸਾਲ ਦਾ 'ਜਸ਼ਨ', ਵੇਖੋ ਤਸਵੀਰਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ