ਪਾਰਕਿੰਗ, ਸੜਕਾਂ ਤੇ ਬਾਜ਼ਾਰਾਂ ''ਚ ਹੋਏ  ਨਾਜਾਇਜ਼  ਕਬਜ਼ਿਆਂ ਕਾਰਨ ਲੋਕ ਡਾਹਢੇ ਪ੍ਰੇਸ਼ਾਨ

Monday, Apr 02, 2018 - 03:09 AM (IST)

ਗੁਰਦਾਸਪੁਰ,   (ਵਿਨੋਦ)-  ਸਮੇਂ-ਸਮੇਂ 'ਤੇ ਹਰ ਨੇਤਾ ਗੁਰਦਾਸਪੁਰ ਸ਼ਹਿਰ ਵਿਚ ਪੈਦਾ ਹੋਈ ਪਾਰਕਿੰਗ ਸਮੱਸਿਆ ਦੇ ਜਲਦੀ ਹੱਲ ਦੇ ਦਾਅਵੇ ਕਰਦਾ ਹੈ ਅਤੇ ਜਲਦੀ ਹੀ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾ ਕੇ ਸ਼ਹਿਰ ਵਿਚ ਆਵਾਜਾਈ ਨੂੰ ਸਹੀ ਢੰਗ ਨਾਲ ਬਹਾਲ ਕਰਵਾਉਣ ਦੀ ਗੱਲ ਵੀ ਹੁੰਦੀ ਹੈ ਪਰ ਇਨ੍ਹਾਂ ਵਾਅਦਿਆਂ 'ਤੇ ਤਾਂ ਕੁਝ ਨਹੀਂ ਹੋ ਰਿਹਾ ਜਦਕਿ ਸ਼ਹਿਰ ਵਿਚ ਦਿਨੋਂ-ਦਿਨ ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਨਾਲ ਸ਼ਹਿਰ ਦੇ ਵਸਨੀਕ ਡਾਹਢੇ ਪ੍ਰੇਸ਼ਾਨ ਹਨ। ਸ਼ਹਿਰ ਵਿਚ ਵੈਸੇ ਤਾਂ ਕਈ ਹੋਰ ਸਮੱਸਿਆਵਾਂ ਹਨ ਜਿਨ੍ਹਾਂ 'ਚ ਸੜਕਾਂ ਤੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ੇ, ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ, ਸ਼ੁੱਧ ਪੀਣ ਵਾਲਾ ਪਾਣੀ ਨਾ ਮਿਲਣਾ ਤੇ ਬੱਸ ਸਟੈਂਡ ਸ਼ਾਮਲ ਹੈ ਪਰ ਸ਼ਹਿਰ ਦੇ ਲੋਕਾਂ ਨੂੰ ਜਿਨ੍ਹਾਂ ਸਮੱਸਿਆਵਾਂ ਤੋਂ ਜ਼ਿਆਦਾ ਜੂਝਣਾ ਪੈਂਦਾ ਹੈ, ਉਹ ਸ਼ਹਿਰ ਵਿਚ ਵਾਹਨਾਂ ਦੇ ਪਾਰਕਿੰਗ ਦੀ ਹੈ। 
ਸ਼ਹਿਰ ਵਧੀਆ ਕੋਰਟ ਕੰਪਲੈਕਸ ਬਣ ਕੇ ਤਿਆਰ ਹੋਇਆ ਹੈ, ਇਸ ਤਰ੍ਹਾਂ ਆਧੁਨਿਕ ਸਹੂਲਤਾਂ ਵਾਲਾ ਪ੍ਰਸ਼ਾਸਨਿਕ ਕੰਪਲੈਕਸ ਵੀ ਲੋਕਾਂ ਨੂੰ ਮਿਲ ਗਿਆ ਹੈ। ਸ਼ਹਿਰ ਦਾ ਸਫਾਈ ਪ੍ਰਬੰਧ ਵੀ ਠੀਕ ਹੈ ਪਰ ਪਾਰਕਿੰਗ ਦੀ ਸਮੱਸਿਆ ਗੰਭੀਰ ਹੋਣ ਕਾਰਨ ਸ਼ਹਿਰ ਵਿਚ ਸ਼ਾਇਦ ਹੀ ਕੋਈ ਅਜਿਹੀ ਸੜਕ ਮਿਲੇ, ਜਿਥੇ ਲੋਕਾਂ ਨੂੰ ਕਾਰ ਆਦਿ ਦੀ ਪਾਰਕਿੰਗ ਦੀ ਸਹੂਲਤ ਮਿਲਦੀ ਹੋਵੇ। ਸ਼ਹਿਰ ਵਿਚ ਇਕ-ਮਾਤਰ ਨਹਿਰੂ ਪਾਰਕ ਨੂੰ ਖਤਮ ਕਰ ਕੇ ਪਾਰਕਿੰਗ ਬਣਾਈ ਸੀ ਪਰ ਉਥੇ ਵੀ ਪਾਰਕਿੰਗ ਠੀਕ ਨਾ ਹੋਣ ਕਾਰਨ ਸ਼ਹਿਰ ਇਸ ਸਮੱਸਿਆ ਤੋਂ ਨਿਜਾਤ ਪਾਉਣ ਵਿਚ ਅਸਫਲ ਰਿਹਾ ਹੈ। 
ਸ਼ਹਿਰ ਦੇ ਕਿਸੇ ਵੀ ਬੈਂਕ ਕੋਲ ਆਪਣੀ ਪਾਰਕਿੰਗ ਨਹੀਂ
ਇਸ ਸਮੇਂ ਸਭ ਤੋਂ ਜ਼ਿਆਦਾ ਸਮੱਸਿਆ ਬੈਂਕਾਂ ਦੇ ਬਾਹਰ ਵੇਖਣ ਨੂੰ ਮਿਲਦੀ ਹੈ। ਸ਼ਹਿਰ ਵਿਚ ਕਿਸੇ ਵੀ ਬੈਂਕ ਕੋਲ ਆਪਣੀ ਪਾਰਕਿੰਗ ਨਾ ਹੋਣ ਕਾਰਨ ਬੈਂਕ ਵਿਚ ਆਉਣ-ਜਾਣ ਵਾਲੇ ਲੋਕ ਆਪਣੇ ਦੋਪਹੀਆ ਵਾਹਨ ਜਾਂ ਕਾਰਾਂ ਆਦਿ ਸੜਕਾਂ 'ਤੇ ਹੀ ਖੜ੍ਹੇ ਕਰਦੇ ਹਨ। ਸਥਾਨਕ ਤਿੱਬੜੀ ਰੋਡ 'ਤੇ ਸਟੇਟ ਬੈਂਕ ਆਫ ਇੰਡੀਆ ਦੀ ਮੁੱਖ ਸ਼ਾਖਾ ਸਮੇਤ ਲਗਭਗ 8 ਬੈਂਕ ਕੰਮ ਕਰਦੇ ਹਨ, ਜਦਕਿ ਕਿਸੇ ਦੇ ਕੋਲ ਵੀ ਪਾਰਕਿੰਗ ਨਾ ਹੋਣ ਕਾਰਨ ਇਸ ਸੜਕ 'ਤੇ ਦਿਨ ਦੇ ਸਮੇਂ ਆਵਾਜਾਈ ਠੱਪ ਹੀ ਰਹਿੰਦੀ ਹੈ। ਬੈਂਕ ਮੈਨੇਜਰਾਂ ਨੂੰ ਕਈ ਵਾਰ ਪ੍ਰਸ਼ਾਸਨ ਇਸ ਸਬੰਧੀ ਦੱਸ ਚੁੱਕਾ ਹੈ ਪਰ ਕੁਝ ਹੱਲ ਨਹੀਂ ਨਿਕਲਿਆ। ਗਾਹਕ ਸੜਕ 'ਤੇ ਵਾਹਨ ਖੜ੍ਹੇ ਨਾ ਕਰੇ ਤਾਂ ਕਿੱਥੇ ਜਾਵੇ।  
ਸਕੂਲਾਂ ਦੀ ਛੁੱਟੀ ਹੋਣ ਸਮੇਂ ਟ੍ਰੈਫਿਕ ਪੁਲਸ ਕਰਮਚਾਰੀ ਵੀ ਕਰ ਜਾਂਦੇ ਹਨ ਹੱਥ ਖੜ੍ਹੇ
ਸਥਾਨਕ ਪੋਸਟ ਆਫਿਸ ਚੌਕ ਦੇ ਚਾਰੇ ਪਾਸੇ ਅੱਧਾ ਦਰਜਨ ਵੱਡੇ ਸਕੂਲ ਹਨ ਜਦਕਿ ਇਸ ਚੌਕ ਦਾ ਪ੍ਰਯੋਗ ਜ਼ਿਲਾ ਕਚਹਿਰੀ ਅਤੇ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਨੂੰ ਜਾਣ ਵਾਲੇ ਲੋਕ ਕਰਦੇ ਹਨ। ਜਿਵੇਂ ਹੀ ਦੁਪਹਿਰ ਦੇ ਸਕੂਲਾਂ ਵਿਚ ਛੁੱਟੀ ਹੁੰਦੀ ਹੈ ਤਾਂ ਇਸ ਚੌਕ ਦੀ ਹਾਲਤ ਵੇਖਣ ਵਾਲੀ ਹੁੰਦੀ ਹੈ। ਇਸ ਚੌਕ ਵਿਚ ਖੜ੍ਹੇ ਟ੍ਰੈਫਿਕ ਪੁਲਸ ਕਰਮਚਾਰੀ ਵੀ ਉਦੋਂ ਆਪਣੇ ਹੱਥ ਖੜ੍ਹੇ ਕਰ ਦਿੰਦੇ ਹਨ। ਜ਼ਿਆਦਾਤਰ ਲੋਕ ਇਸ ਚੌਕ ਦਾ ਪ੍ਰਯੋਗ ਨਹੀਂ ਕਰਦੇ। 
ਕਿਸੇ ਵੀ ਪ੍ਰਾਈਵੇਟ ਹਸਪਤਾਲ ਦੀ ਆਪਣੀ ਨਹੀਂ ਐ ਪਾਰਕਿੰਗ
ਗੁਰਦਾਸਪੁਰ 'ਚ ਲਗਭਗ ਦੋ ਦਰਜਨ ਪ੍ਰਾਈਵੇਟ ਹਸਪਤਾਲ ਚੱਲ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਨਗਰ ਕੌਂਸਲ ਇਸ ਹਸਪਤਾਲ ਦੇ ਨਕਸ਼ੇ ਪਾਸ ਕਰਦੇ ਸਮੇਂ ਪਾਰਕਿੰਗ ਬਣਾਉਣ ਲਈ ਨਹੀਂ ਕਹਿੰਦੀ, ਜਿਸ ਕਾਰਨ ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਖੜ੍ਹੇ ਵਾਹਨ ਵੀ ਸ਼ਹਿਰ ਲਈ ਆਵਾਜਾਈ ਸਮੱਸਿਆ ਪੈਦਾ ਕਰਦੇ ਹਨ। 
ਜ਼ਿਲਾ ਕੋਰਟ ਤੇ ਪ੍ਰਸ਼ਾਸਨਿਕ ਕੰਪਲੈਕਸ ਵਿਚ ਵੀ ਪਾਰਕਿੰਗ ਸਹੂਲਤ ਜ਼ਰੂਰਤ ਅਨੁਸਾਰ ਨਹੀਂ 
ਸ਼ਹਿਰ ਵਿਚ ਜ਼ਿਲਾ ਕੋਰਟ ਕੰਪਲੈਕਸ ਅਤੇ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਬਣਾਏ ਗਏ ਹਨ। ਕੋਰਟ ਕੰਪਲੈਕਸ ਦੇ ਨਾਲ ਤਾਂ ਫਿਰ ਵੀ ਕੁਝ ਪਾਰਕਿੰਗ ਸਹੂਲਤ ਹੈ ਅਤੇ ਵਿਸ਼ਾਲ ਏਰੀਆ ਪਾਰਕਿੰਗ ਲਈ ਮਾਰਕ ਕੀਤਾ ਗਿਆ ਹੈ ਪਰ ਪ੍ਰਸ਼ਾਸਨਿਕ ਕੰਪਲੈਕਸ ਵਿਚ ਪਾਰਕਿੰਗ ਦੀ ਸਹੂਲਤ ਬਹੁਤ ਘੱਟ ਹੈ, ਜਿਸ ਕਾਰਨ ਲੋਕਾਂ ਨੂੰ ਵਾਹਨ ਕੰਪਲੈਕਸ ਦੇ ਬਾਹਰ ਸੜਕ 'ਤੇ ਹੀ ਖੜ੍ਹੇ ਕਰਨੇ ਪੈਂਦੇ ਹਨ।
ਇਕ-ਮਾਤਰ ਨਹਿਰੂ ਪਾਰਕ ਵਿਚ ਹੀ ਪਾਰਕਿੰਗ ਹੈ ਜੋ ਪੂਰੀ ਨਹੀਂ
ਗੁਰਦਾਸਪੁਰ ਦੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਨਹਿਰੂ ਪਾਰਕ ਨੂੰ ਖਤਮ ਕਰ ਕੇ ਉਥੇ ਪਾਰਕਿੰਗ ਬਣਾਈ ਸੀ। ਉਦੋਂ ਕੁਝ ਸੰਗਠਨਾਂ ਨੇ ਕਾਫੀ ਸ਼ੋਰ ਵੀ ਮਚਾਇਆ ਸੀ, ਉਥੇ ਚਾਰ ਪਹੀਆ ਵਾਹਨ ਖੜ੍ਹੇ ਕੀਤੇ ਜਾ ਰਹੇ ਹਨ ਪਰ ਇਸ ਪਾਰਕਿੰਗ ਵਿਚ ਜ਼ਿਆਦਾਤਰ ਸੈਨਾ ਦੇ ਵਾਹਨ ਹੀ ਖੜ੍ਹੇ ਦਿਖਾਈ ਦਿੰਦੇ ਹਨ ਜਦਕਿ ਪ੍ਰਾਈਵੇਟ ਵਾਹਨਾਂ ਨੂੰ ਲੋਕ ਸੜਕ 'ਤੇ ਜਾਂ ਆਪਣੀ ਸਹੂਲਤ ਅਨੁਸਾਰ ਹੀ ਖੜ੍ਹੇ ਕਰਨ ਨੂੰ ਪਹਿਲ ਦਿੰਦੇ ਹਨ, ਜੋ ਕਿ ਸ਼ਹਿਰ ਵਿਚ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰਦਾ ਹੈ। 
ਜੇ ਨਹਿਰੂ ਪਾਰਕ ਵਿਚ ਸੁਧਾਰ ਕਰ ਕੇ ਵਧੀਆ ਪਾਰਕਿੰਗ ਸਹੂਲਤ ਮੁਹੱਈਆ ਕਰਵਾਈ ਜਾਵੇ ਤਾਂ ਨਿਸ਼ਚਿਤ ਰੂਪ ਵਿਚ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ। ਸ਼ਹਿਰ ਵਿਚ ਕਈ ਵਾਰ ਜ਼ਿਲਾ ਪ੍ਰਸ਼ਾਸਨ ਨੇ ਮੁੱਖ ਸੜਕਾਂ ਦੇ ਦੋਵੇਂ ਪਾਸੇ ਪੀਲੀ ਲਾਈਨ ਲਾਈ ਹੈ ਅਤੇ ਸਾਰੇ ਵਾਹਨਾਂ ਨੂੰ ਪੀਲੀ ਲਾਈਨ ਅੰਦਰ ਖੜ੍ਹਾ ਕਰਨ ਨੂੰ ਕਿਹਾ ਜਾਂਦਾ ਹੈ ਪਰ ਕੁਝ ਸਮੇਂ ਤਾਂ ਇਸ ਆਦੇਸ਼ ਦੀ ਪਾਲਣਾ ਹੁੰਦੀ ਹੈ ਜਦਕਿ ਜਲਦੀ ਹੀ ਲੋਕ ਪੀਲੀ ਲਾਈਨ ਦੀ ਗੱਲ ਭੁੱਲ ਜਾਂਦੇ ਹਨ। 


Related News