ਜਲੰਧਰ ਵੈਸਟ ’ਚ ਨਾਜਾਇਜ਼ ਕਾਲੋਨੀਆਂ ’ਤੇ ਨਿਗਮ ਦੀ ਵੱਡੀ ਕਾਰਵਾਈ ਸ਼ੁਰੂ, 3 ਨੂੰ ਨੋਟਿਸ ਜਾਰੀ
Wednesday, Nov 26, 2025 - 01:16 AM (IST)
ਜਲੰਧਰ (ਖੁਰਾਣਾ) – ਪਿਛਲੇ ਲੰਮੇ ਸਮੇਂ ਤੋਂ ਜਲੰਧਰ ਵੈਸਟ ਵਿਚ ਨਾਜਾਇਜ਼ ਢੰਗ ਨਾਲ ਕੱਟੀਆਂ ਜਾ ਰਹੀਆਂ ਕਈ ਕਾਲੋਨੀਆਂ ’ਤੇ ਆਖਿਰਕਾਰ ਨਗਰ ਨਿਗਮ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਤਕ ਨਿਗਮ ਵੱਲੋਂ ਇਨ੍ਹਾਂ ਕਾਲੋਨੀਆਂ ’ਤੇ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ ਸੀ ਪਰ ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਨਿਗਮ ਹਰਕਤ ਵਿਚ ਆਇਆ ਅਤੇ ਤਿੰਨਾਂ ਨਾਜਾਇਜ਼ ਕਾਲੋਨੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।
ਪਹਿਲੀ ਨਾਜਾਇਜ਼ ਕਾਲੋਨੀ 120 ਫੁੱਟ ਰੋਡ, ਸ਼ੇਰ ਸਿੰਘ ਕਾਲੋਨੀ ਨੇੜੇ ਹਾਈ ਟੈਂਸ਼ਨ ਲਾਈਨਾਂ ਦੇ ਹੇਠਾਂ ਨਾਜਾਇਜ਼ ਰੂਪ ਨਾਲ ਕੱਟ ਦਿੱਤੀਆਂ ਗਈਆਂ। ਇਹ ਇਲਾਕਾ ਬੇਹੱਦ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਬਾਵਜੂਦ ਇਸ ਦੇ ਲੰਮੇ ਸਮੇਂ ਤਕ ਕਿਸੀ ਵਿਭਾਗੀ ਅਧਿਕਾਰੀ ਨੇ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਨਾਜਾਇਜ਼ ਕਾਲੋਨੀ ਚੋਪੜਾ ਕਾਲੋਨੀ ਨੇੜੇ ਕਾਲਾ ਸੰਘਿਆਂ ਰੋਡ ’ਤੇ ਕੱਟੀ ਗਈ, ਜਿਥੇ ਬਿਨਾਂ ਕਿਸੇ ਮਨਜ਼ੂਰੀ ਅਤੇ ਨਕਸ਼ਾ ਪਾਸ ਕਰਵਾਏ ਪਲਾਟ ਵੇਚੇ ਜਾ ਰਹੇ ਸਨ।
ਇਸੇ ਇਲਾਕੇ ਵਿਚ ਪਿੰਕ ਸਿਟੀ ਕਾਲੋਨੀ ਨੇੜੇ ਇਕ ਹੋਰ ਨਵੀਂ ਕਾਲੋਨੀ ਤੇਜ਼ੀ ਨਾਲ ਵਿਕਸਿਤ ਕੀਤੀ ਜਾ ਰਹੀ ਸੀ, ਜਿਸ ਖ਼ਿਲਾਫ਼ ਵੀ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੇ ਜਾਣ ਦੇ ਬਾਅਦ ਨਿਗਮ ਨੇ ਤਿੰਨਾਂ ਕਾਲੋਨਾਈਜ਼ਰਾਂ ਨੂੰ ਨੋਟਿਸ ਭੇਜ ਕੇ ਦਸਤਾਵੇਜ਼, ਐੱਨ. ਓ. ਸੀ. ਅਤੇ ਸਬੰਧਤ ਮਨਜ਼ੂਰੀਆਂ ਪੇਸ਼ ਕਰਨ ਨੂੰ ਕਿਹਾ ਹੈ।
ਨਿਗਮ ਵੱਲੋਂ ਸਪੱਸ਼ਟ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਰਧਾਰਿਤ ਸਮੇਂ ਵਿਚ ਕਾਗਜ਼ਾਤ ਜਮ੍ਹਾ ਨਾ ਕਰਵਾਏ ਗਏ ਤਾਂ ਪਾਪਰਾ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਦਸਤਾਵੇਜ਼ ਜਮ੍ਹਾ ਨਾ ਹੋਣ ਦੀ ਸਥਿਤੀ ਵਿਚ ਇਨ੍ਹਾਂ ਕਾਲੋਨੀਆਂ ’ਤੇ ਡਿੱਚ ਵੀ ਚਲਾਈ ਜਾ ਸਕਦੀ ਹੈ।
