ਸੜਕਾਂ ਦੀ ਖਸਤਾ ਹਾਲਤ ਦੇ ਰੋਸ ਵਜੋਂ ਰਾਹਗੀਰਾਂ ਤੇ ਦੁਕਾਨਦਾਰਾਂ ਨੇ ਕੀਤੀ ਨਾਅਰੇਬਾਜ਼ੀ

Wednesday, Nov 19, 2025 - 08:59 PM (IST)

ਸੜਕਾਂ ਦੀ ਖਸਤਾ ਹਾਲਤ ਦੇ ਰੋਸ ਵਜੋਂ ਰਾਹਗੀਰਾਂ ਤੇ ਦੁਕਾਨਦਾਰਾਂ ਨੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਚੋਂ ਲੰਘਦੀ ਨੈਸ਼ਨਲ ਹਾਈਵੇ ਦੇ ਬਾਲਦ ਕੋਠੀ ਸਥਿਤ ਓਵਰਬ੍ਰਿਜ ਦੇ ਦੋਵੇਂ ਸਾਈਡਾਂ ਤੋਂ ਲੰਘਦੀਆਂ ਸਰਵਿਸ ਸੜਕਾਂ ਦੀ ਖਸਤਾ ਹਾਲਤ ਕਾਰਨ ਇੱਥੇ ਬਣੀ ਨਰਕ ਵਾਲੀ ਸਥਿਤੀ ਤੋਂ ਦੁਖੀ ਹੋਏ ਰਾਹਗੀਰਾਂ ਤੇ ਦੁਕਾਨਦਾਰਾਂ ਵੱਲੋਂ ਅੱਜ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਸੜਕਾਂ ਦੀ ਖਸਤਾ ਹਾਲਤ ਦੇ ਚਲਦਿਆਂ ਇੱਥੇ ਇਕ ਭੂੰਗ ਵਾਲੀ ਟਰਾਲੀ ਦੇ ਪਲਟ ਜਾਣ ਕਾਰਨ ਕਾਫੀ ਦੇਰ ਤੱਕ ਰਾਹਗੀਰਾਂ ਨੂੰ ਲੰਘਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਨੰਬਰਦਾਰ ਗੁਰਪ੍ਰੀਤ ਸਿੰਘ ਕੰਧੋਲਾ ਅਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਓਵਰਬ੍ਰਿਜ ਦੇ ਨਾਲ ਲੰਘਦੀਆਂ ਇਹ ਦੋਵੇਂ ਸਾਈਡਾਂ ਦੀਆਂ ਸਰਵਿਸ ਰੋਡ ਐੱਸ. ਡੀ.ਐੱਮ. ਦਫਤਰ, ਸਬ ਡਵੀਜ਼ਨ ਕੰਪਲੈਕਸ ਅਤੇ ਨਾਭਾ ਸਮਾਣਾ ਨੂੰ ਜਾਣ ਦਾ ਮੁੱਖ ਰਸਤਾ ਹਨ। ਇਥੇ ਪਿਛਲੇ ਲੰਬੇ ਸਮੇਂ ਤੋਂ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਉਚੇਚੇ ਪ੍ਰਬੰਧ ਨਾ ਹੋਣ ਕਾਰਨ ਸਾਰਾ ਪਾਣੀ ਸੜਕ ਉੱਪਰ ਖੜ੍ਹਨ ਕਾਰਨ ਸੜਕ ਵਿਚਕਾਰ ਡੂੰਘੇ-ਡੂੰਘੇ ਟੋਏ ਪੈ ਚੁੱਕੇ ਹਨ ਅਤੇ ਇਨ੍ਹਾਂ ਟੋਇਆਂ ’ਚ ਪਾਣੀ ਭਰਨ ਕਾਰਨ ਇਹ ਟੋਏ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਇਥੇ ਅਕਸਰ ਹਾਦਸੇ ਵਾਪਰਦੇ ਹਨ। ਜਿਸ ਕਾਰਨ ਰਾਹਗੀਰਾਂ ਦਾ ਕਾਫੀ ਨੁਕਸਾਨ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਮੌਜੂਦਾ ਵਿਧਾਇਕ ਵੱਲੋਂ ਵੀ ਇੱਥੇ ਪਾਣੀ ’ਚ ਝੋਨਾ ਲਗਾ ਕੇ ਪ੍ਰਦਰਸ਼ਨ ਕੀਤਾ ਜਾਂਦਾ ਸੀ ਅਤੇ ਹੁਣ ‘ਆਪ’ ਸਰਕਾਰ ਆਉਣ ’ਤੇ ਮੌਜੂਦਾ ਵਿਧਾਇਕ ਵੱਲੋਂ ਵੀ ਇੱਥੇ ਲਾਰੇ ਲੱਪੇ ਲਾ ਕੇ ਡੰਗ ਟਪਾਊ ਨੀਤੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਸੜਕ ਤੋਂ ਲੰਘਣ ਸਮੇਂ ਭੂੰਗ ਵਾਲੀ ਟਰਾਲੀ ਪਲਟਣ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਰਹਿ ਗਿਆ। ਇਸ ਮੌਕੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦਿਆਂ ਇਸ ਸੜਕ ਨੂੰ ਤੁਰੰਤ ਬਣਾਉਣ ਦੀ ਮੰਗ ਕੀਤੀ।

ਇਸ ਸਬੰਧੀ ਸਬ ਡਵੀਜ਼ਨ ਦੇ ਐੱਸ. ਡੀ.ਐੱਮ. ਮਨਜੀਤ ਕੌਰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਸਰਵਿਸ ਰੋੜਾ ਦੀ ਮੁਰੰਮਤ ਲਈ ਟੈਂਡਰ ਪਾਸ ਹੋ ਚੁੱਕਾ ਹੈ ਜਿਸ ਦਾ ਕੰਮ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ।


author

Inder Prajapati

Content Editor

Related News