ਜ਼ਿਲ੍ਹਾ ਫਾਜ਼ਿਲਕਾ ’ਚ 13 ਦਸੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ
Saturday, Nov 22, 2025 - 12:14 PM (IST)
ਫਾਜਿਲਕਾ (ਨਾਗਪਾਲ) : ਜ਼ਿਲ੍ਹਾ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਧਰਮਿੰਦਰ ਪਾਲ ਸਿੰਗਲਾ ਦੀ ਅਗਵਾਈ ਹੇਠ ਅਤੇ ਰੂਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੀ ਦੇਖ-ਰੇਖ ਹੇਠ, ਫਾਜ਼ਿਲਕਾ ’ਚ ਆਉਣ ਵਾਲੀ ਰਾਸ਼ਟਰੀ ਲੋਕ ਅਦਾਲਤ 13 ਦਸੰਬਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਧਰਮਿੰਦਰ ਪਾਲ ਸਿੰਗਲਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਨੇ ਕਿਹਾ ਕਿ ਇਸ ਲੋਕ ਅਦਾਲਤ ਦੇ ਜ਼ਰੀਏ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਵਿਅਕਤੀ ਨੂੰ ਆਪਣੇ ਕਾਨੂੰਨੀ ਹੱਕ ਦੀ ਪੂਰੀ ਸਹਾਇਤਾ ਮਿਲੇ ਅਤੇ ਕਿਸੇ ਨੂੰ ਵੀ ਕਾਨੂੰਨੀ ਸਹਾਇਤਾ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ।
ਇਸ ਦੌਰਾਨ ਪ੍ਰਾਪਤ ਜਾਣਕਾਰੀ ਸੰਬੰਧਤ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਜੋ ਜਲਦੀ ਤੋਂ ਜਲਦੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਇਸ ਲੋਕ ਅਦਾਲਤ ਦਾ ਮੁੱਖ ਮਕਸਦ ਲੋਕਾਂ ਨੂੰ ਤੇਜ਼, ਸਸਤੀ ਅਤੇ ਪ੍ਰਭਾਵਸ਼ਾਲੀ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਅਤੇ ਮੁਕੱਦਮਿਆਂ ਦਾ ਸਲਾਹ-ਮੁਤਾਬਕ ਤੁਰੰਤ ਨਿਪਟਾਰਾ ਕਰਨਾ ਹੈ। ਇਸ ਦੌਰਾਨ ਸਿਵਲ, ਕ੍ਰਿਮੀਨਲ, ਲੇਬਰ ਅਤੇ ਬਹੁਤ ਸਾਰੇ ਹੋਰ ਕੇਸਾਂ ਦਾ ਸੁਲਝਾਅ ਕੀਤਾ ਜਾਵੇਗਾ। ਲੋਕ ਅਦਾਲਤ ਦੇ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਸਲਾਹ, ਹੈਲਪ ਡੈਸਕ, ਕਾਨੂੰਨੀ ਸਹਾਇਤਾ ਕੈਂਪ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ। ਹੋਰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਜਾਣਕਾਰੀ ਜਾਂ ਸਲਾਹ ਲਈ ਟੋਲ- ਫਰੀ ਨੰਬਰ 15100 ਜਾਂ ਡੀ. ਐੱਲ. ਐੱਸ. ਏ. ਫਾਜ਼ਿਲਕਾ ਦੇ ਦਫ਼ਤਰ ਨੰ. 01638-261500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
