ਜਲਾਲਾਬਾਦ : ਝੜਪਾਂ ਦੇ ਬਾਵਜੂਦ ਅਮਨ-ਸ਼ਾਂਤੀ ਨਾਲ ਸੰਪੰਨ ਹੋਈਆਂ ਬਲਾਕ ਸੰਮਤੀ ਅਤੇ ਜ਼ਿਲਾ ਪਰਿਸ਼ਦ ਦੀਆਂ ਚੋਣਾਂ

09/19/2018 8:25:47 PM

ਜਲਾਲਾਬਾਦ (ਸੇਤੀਆ,ਜਤਿੰਦਰ,ਸੰਧੂ)— ਹਲਕੇ ਅੰਦਰ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਅਮਨ-ਸ਼ਾਂਤੀ ਨਾਲ ਸੰਪੰਨ ਹੋਈਆਂ। ਹਾਲਾਂਕਿ ਕੁਝ ਬੂਥਾਂ ਤੇ ਝੜਪਾਂ ਦੀਆਂ ਸੂਚਨਾਵਾਂ ਮਿਲੀਆਂ ਪਰ ਪੁਲਸ ਪ੍ਰਸ਼ਾਸਨ ਨੇ ਮੌਕੇ 'ਤੇ ਸਥਿਤੀ 'ਤੇ ਕਾਬੂ ਪਾ ਲਿਆ। ਜਾਣਕਾਰੀ ਅਨੁਸਾਰ ਜਲਾਲਾਬਾਦ ਹਲਕੇ ਅੰਦਰ ਬਲਾਕ ਸੰਮਤੀ ਦੇ 23 ਜੋਨ ਅਤੇ ਮੰਡੀ ਲਾਧੂਕਾ ਦੇ 2 ਜੋਨ ਮਿਲਾ ਕੇ ਕੁੱਲ 25 ਜੋਨਾਂ ਤੇ ਵੋਟਾਂ ਪਈਆਂ ਅਤੇ ਜਿੰਨ੍ਹਾਂ 'ਚ ਤਿੰਨ ਜੋਨ ਜ਼ਿਲਾ ਪਰਿਸ਼ਦ ਦੇ ਸ਼ਾਮਿਲ ਸਨ।

ਉਧਰ ਪੁਲਸ ਅਤੇ ਪ੍ਰਸ਼ਾਸਨ ਵਲੋਂ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਸਵੇਰੇ ਸਮੇਂ 'ਤੇ ਹੀ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਪਰ ਬਾਅਦ ਦੁਪਿਹਰ ਪਿੰਡ ਸੈਣੀਆਂ, ਤੋਤਿਆਂ ਵਾਲੀ, ਮਸਤੂਵਾਲਾ, ਕਾਲੂ ਵਾਲਾ, ਆਦਿ ਪਿੰਡਾਂ ਵਿੱਚ ਕੁਝ ਸ਼ਰਾਰਤੀ ਅੰਸਰਾਂ ਵਲੋਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ 'ਤੇ ਪੁਲਸ ਨੇ ਕਾਬੂ ਪਾ ਲਿਆ। ਇਥੇ ਦੱਸਣਯੋਗ ਹੈ ਕਿ ਪਿੰਡ ਤੋਤਿਆਂ ਵਾਲੀ ਵਿੱਚ ਇੱਕ ਕਾਂਗਰਸੀ ਵਲੋਂ ਬੂਥ 'ਤੇ ਕਬਜਾ ਕੀਤਾ ਗਿਆ, ਜਿੱਥੇ ਉਹ ਪੋਲਿੰਗ ਏਜੰਟ ਨਹੀਂ ਸੀ ਪਰ ਬਾਅਦ ਵਿੱਚ ਪੁਲਸ ਪ੍ਰਸ਼ਾਸ਼ਨ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ ਗਿਆ।

ਚੱਕ ਅਰਨੀਵਾਲਾ 'ਚ ਹੋਈ ਘਟਨਾ ਬਾਰੇ ਪ੍ਰੋਜਾਇਡਿੰਗ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਬਾਅਦ ਦੁਪਿਹਰ 20 ਦੇ ਕਰੀਬ ਅਣਪਛਾਤੇ ਲੋਕ ਆਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਬੂਥ ਤੇ ਬੈਲਟ ਪੇਪਰ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਬੂਥ ਪੇਪਰ ਲੈ ਕੇ ਬਾਹਰ ਭੱਜੇ ਤਾਂ ਉਨ੍ਹਾਂ ਨੇ ਰਸਤੇ ਵਿੱਚ ਕੁੱਝ ਪੇਪਰ ਫਾੜ ਦਿੱਤੇ। ਉਨ੍ਹਾਂ ਦੱਸਿਆ ਕਿ ਉਹ ਐਸ.ਐਚ.ਓ. ਨੂੰ ਲਗਾਤਾਰ ਸਿਕਉਰਿਟੀ ਵਧਾਉਣ ਲਈ ਕਹਿ ਰਹੇ ਸਨ ਪਰ ਸਕਿਉਰਿਟੀ ਨਾ ਵਧਾਏ ਜਾਣ ਕਾਰਨ ਇਥੇ ਸ਼ਰਾਰਤੀ ਅੰਸਰਾਂ ਵਲੋਂ ਬੇਲਟ ਪੇਪਰ ਫਾੜਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ ਭੜੋਲੀਵਾਲਾ ਵਿੱਚ ਵੀ ਬੇਲਟ ਪੇਪਰ ਫਾੜੇ ਜਾਣ ਦੀ ਘਟਨਾ ਸਾਮਹਣੇ ਆਈ ਹੈ।

ਬੈਲਟ ਪੇਪਰ 'ਚ ਉਮੀਦਵਾਰਾਂ ਅਤੇ ਚੋਣ ਨਿਸ਼ਾਨ ਹੋਏ ਉਲਟ
ਇਕ ਪਾਸੇ ਜਿਥੇ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਕਮ-ਚੋਣ ਅਧਿਕਾਰੀ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਉਥੇ ਹੀ ਬੈਲਟ ਪੇਪਰਾਂ ਵਿੱਚ ਤਕਨੀਕੀ ਗਲਤੀਆਂ ਕਾਰਨ ਚੱਕ ਜਾਨੀਸਰ ਅੰਦਰ ਕੁਝ ਸਮੇਂ ਲਈ ਵੋਟਾਂ ਪਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜੋਨ ਨੰ-13 ਚੱਕ ਜਾਨੀਸਰ ਅੰਦਰ ਬਲਾਕ ਸੰਮਤੀ ਦੇ ਬੈਲਟ ਪੇਪਰ ਤੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਉਲਟ-ਪੁਲਟ ਹੋ ਗਏ। ਜਿਥੇ ਕਾਂਗਰਸੀ ਉਮੀਦਵਾਰ ਬਿੰਦਰਪਾਲ ਕੌਰ ਦੇ ਅੱਗੇ ਤੱਕੜੀ ਨਿਸ਼ਾਨ ਆ ਗਿਆ ਅਤੇ ਦੂਜੇ ਪਾਸੇ ਅਕਾਲੀ ਉਮੀਦਵਾਰ ਬਲਜੀਤ ਕੌਰ ਦੇ ਅੱਗੇ ਪੰਜੇ ਦਾ ਨਿਸ਼ਾਨ ਮੌਜੂਦ ਸੀ। ਹਾਲਾਂਕਿ ਇਸ ਗਲਤੀ ਤੋਂ ਪਹਿਲਾਂ ਕੁੱਝ ਵੋਟਾਂ ਦਾ ਭੁਗਤਾਨ ਹੋ ਗਿਆ ਸੀ ਪਰ ਜਦੋਂ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਬੈਲਟ ਪੇਪਰ ਦੀ ਗਲਤੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਨਵੀਆਂ ਮੋਹਰਾਂ ਤਿਆਰ ਕਰਕੇ ਬੇਲਟ ਪੇਪਰ 'ਤੇ ਹੋਈ ਗਲਤੀ 'ਚ ਸੁਧਾਰ ਕੀਤਾ।

ਉਧਰ ਚੱਕ ਅਰਨੀਵਾਲਾ ਵਿੱਚ ਪਹੁੰਚੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਹਲਕੇ ਅੰਦਰ ਅਮਨ-ਸ਼ਾਂਤੀ ਨਾਲ ਵੋਟਾਂ ਪਈਆਂ ਹਨ ਅਤੇ ਇੱਕ-ਦੋ ਥਾਂ ਤੇ ਘਟਨਾਵਾਂ ਹੋਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਅਤੇ ਜੋ ਵੀ ਦੋਸ਼ੀ ਹੋਣਗੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News