IOA ਪ੍ਰਮੁੱਖ ਊਸ਼ਾ ਨੇ ਕਿਹਾ- ਕਾਰਜਕਾਰੀ ਪਰਿਸ਼ਦ ਦੇ ਮੈਂਬਰ ਮੈਨੂੰ ਕਿਨਾਰੇ ਕਰ ਰਹੇ ਹਨ
Monday, Apr 08, 2024 - 08:51 PM (IST)
ਸਪੋਰਟਸ ਡੈਸਕ : ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੀ ਮੁਖੀ ਪੀ. ਟੀ. ਊਸ਼ਾ ਨੇ ਸੋਮਵਾਰ ਨੂੰ ਐਸੋਸੀਏਸ਼ਨ ਦੇ ਕਰਮਚਾਰੀਆਂ ਵੱਲੋਂ ਆਈ. ਓ. ਏ. ਮੁੱਖ ਦਫਤਰ ਦੀਆਂ ਕੰਧਾਂ ਤੇ ਦਰਵਾਜ਼ਿਆਂ ’ਤੇ ਚਿਪਕਾਏ ਗਏ ਕਾਰਜਕਾਰੀ ਪ੍ਰੀਸ਼ਦ (ਈ. ਸੀ.) ਦੇ ਨੋਟਿਸ ਦੀਆਂ ਕਾਪੀਆਂ ਹਟਾਉਣ ਲਈ ਕਿਹਾ। ਊਸ਼ਾ ਦਾ ਹੁਕਮ ਈ. ਸੀ. ਦੇ 15 ਵਿਚੋਂ 9 ਮੈਂਬਰਾਂ ਵੱਲੋਂ ਇਕ ਨੋਟਿਸ ਪਾਸ ਕਰਨ ਤੋਂ ਬਾਅਦ ਆਇਆ, ਜਿਸ ਵਿਚ ‘ਗੈਰ-ਅਧਿਕਾਰਤ ਵਿਅਕਤਆਂ’ ਨੂੰ ਉਸਦੇ ਮੁੱਖ ਦਫਤਰ ਵਿਚ ਐਂਟਰ ਨਾ ਕਰਨ ਲਈ ਕਿਹਾ ਗਿਆ ਸੀ। ਈ. ਸੀ. ਦੇ ਜ਼ਿਆਦਾਤਰ ਮੈਂਬਰ ਆਈ. ਓ.ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੇ ਰੂਪ ਵਿਚ ਰਘੂਰਾਮ ਅਈਅਰ ਦੀ ਨਿਯੁਕਤੀ ਦੇ ਵਿਰੁੱਧ ਹਨ। ਅਸਲੀਅਤ ਵਿਚ ਉਨ੍ਹਾਂ ਨੇ ਜਨਵਰੀ ਵਿਚ ਆਈ. ਓ. ਏ. ਸੀ. ਈ. ਓ. ਦੇ ਰੂਪ ਵਿਚ ਊਸ਼ਾ ਵੱਲੋਂ ਅਈਅਰ ਦੀ ਨਿਯੁਕਤੀ ਨੂੰ ਗਲਤ ਕਰਾਰ ਦਿੰਦੇ ਹੋਏ ਇਕ ਮੁਅੱਤਲ ਹੁਕਮ ’ਤੇ ਦਸਤਖਤ ਕੀਤੇ ਸਨ।
ਈ. ਸੀ. ਦੇ ਮੈਂਬਰਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਈ. ਓ. ਏ. ਵਿਚ ਊਸ਼ਾ ਦੇ ਸਹਾਇਕ ਅਜੇ ਨਾਰੰਗ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਊਸ਼ਾ ਨੇ ਵਿਦ੍ਰੋਹੀ ਈ. ਸੀ. ਮੈਂਬਰਾਂ ਨੂੰ ਭੇਜੇ ਗਏ ਆਪਣੇ ਜਵਾਬ ਵਿਚ ਕਿਹਾ ਕਿ ਇਹ ਦੇਖ ਕੇ ਨਿਰਾਸ਼ਾ ਹੁੰਦੀ ਹੈ ਕਿ ਅਸੀਂ ਅਜੇ ਵੀ ਇਕ ਟੀਮ ਦੇ ਰੂਪ ਵਿਚ ਕੰਮ ਨਹੀਂ ਕਰ ਪਾ ਰਹੇ ਹਾਂ ਤੇ ਤੁਹਾਡੀ ਹਰ ਹਰਕਤ ਮੈਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਹੈ। ਮੇਰੇ ਕੋਲ ਤੁਹਾਨੂੰ ਸਾਰਿਆਂ ਨੂੰ ਯਾਦ ਦਿਵਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ ਕਿ ਕਰਮਚਾਰੀਆਂ ਦੀ ਭਰਤੀ ਤੇ ਬਰਖਾਸਤਗੀ ਸਮੇਤ ਦਿਨ ਪ੍ਰਤੀ ਦਿਨ ਦੇ ਪ੍ਰਸ਼ਾਸਨਿਕ ਕੰਮ ਕਾਰਜਕਾਰੀ ਪ੍ਰੀਸ਼ਦ ਦਾ ਕੰਮ ਨਹੀਂ ਹੈ। ਈ. ਸੀ. ਦੇ ਰੂਪ ਵਿਚ ਸਾਨੂੰ ਆਈ. ਓ. ਏ. ਨੂੰ ਉਚਾਈਆਂ ’ਤੇ ਲਿਜਾਣ ਦੇ ਵਧੇਰੇ ਮਹੱਤਵਪੂਰਨ ਪਹਿਲੂਆਂ ਲਈ ਆਪਣੀਆਂ ਸ਼ਕਤੀਆਂ ਤੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਚਾਹੀਦਾ।
ਊਸ਼ਾ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਸੀ. ਈ. ਓ. ’ਤੇ ਪੂਰਾ ਭਰੋਸਾ ਹੈ ਤੇ ਉਸ ਨੂੰ ਨਿਯੁਕਤ ਕਰਨ ਦੇ ਫੈਸਲੇ ਤੋਂ ਪਿੱਛੇ ਨਹੀਂ ਹਟੇਗੀ। ਸੀ. ਈ. ਓ. ਦੀ ਤਨਖਾਹ 20 ਲੱਖ ਰੁਪਏ ਪ੍ਰਤੀ ਮਹੀਨਾ ਤੇ ਭੱਤੇ (ਕੁਲ ਸੀ. ਟੀ. ਸੀ. ਲੱਗਭਗ 3 ਕਰੋੜ ਰੁਪਏ ਪ੍ਰਤੀ ਸਾਲ) ਹੈ ਜਿਹੜੇ ਊਸ਼ਾ ਤੇ ਕਾਰਜਕਾਰੀ ਪ੍ਰੀਸ਼ਦ ਦੇ ਜ਼ਿਆਦਾਤਰ ਮੈਂਬਰਾਂ ਵਿਚਾਲੇ ਵਿਵਾਦ ਦਾ ਕੇਂਦਰ ਵੀ ਮੰਨੇ ਜਾਂਦੇ ਹਨ। ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਆਈ. ਓ. ਏ. ਮੁਖੀ ਨੇ ਇਸ ਮਾਮਲੇ ’ਤੇ ‘ਇਕਪਾਸੜ’ ਫੈਸਲਾ ਲਿਆ ਹੈ । ਦੋਸ਼ਾਂ ਦਾ ਜਵਾਬ ਦਿੰਦੇ ਹੋਏ ਊਸ਼ਾ ਨੇ ਕਿਹਾ ਕਿ ਸੀ. ਈ. ਓ. ਦੀ ਨਿਯੁਕਤੀ ’ਤੇ ਕਾਰਜਕਾਰੀ ਪ੍ਰੀਸ਼ਦ ਦੀ ਮੀਟਿੰਗ (ਜਨਵਰੀ ਵਿਚ) ਵਿਚ ਵਿਸਥਾਰਪੂਰਵਕ ਚਰਚਾ ਹੋਈ ਸੀ ਤੇ ਉਸ ਵਿਚ ਹਾਜ਼ਰ ਅਧਿਕਾਰੀਆਂ ਤੇ ਮੈਂਬਰਾਂ ਨੇ ਇਸਦੀ ‘ਪੁਸ਼ਟੀ’ ਕੀਤੀ ਸੀ।
ਉਸ ਨੇ ਕਿਹਾ ਕਿ ਕਾਰਜਕਾਰੀ ਪ੍ਰੀਸ਼ਦ ਦੇ ਜ਼ਿਆਦਾਤਰ ਮੈਂਬਰਾਂ ਨੇ ਆਈ. ਓ. ਏ. ਵਿਚ ਪੈਸੇ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਸੀ. ਈ. ਓ. ਲਈ ਨਿਰਧਾਰਿਤ ਤਨਖਾਹ ਤੇ ਫੰਡ ’ਤੇ ਫਿਰ ਤੋਂ ਗੱਲਬਾਤ ਦੀ ਸਿਫਾਇਰ ਕੀਤੀ ਸੀ ਤੇ ਪਹਿਲਾਂ ਤੋਂ ਸਹਿਮਤ ਤਨਖਾਹ ਵਿਚ 30 ਫੀਸਦੀ ਤੋਂ ਵੱਧ ਕਟੌਤੀ ਕੀਤੀ ਗਈ। ਊਸ਼ਾ ਨੇ ਕਾਰਜਕਾਰੀ ਪ੍ਰੀਸ਼ਦ ਦੇ ਮੈਂਬਰਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਜਿੱਦ ਜਾਰੀ ਰੱਖਦੇ ਹਨ ਤਾਂ ਕੌਮਾਂਤਰੀ ਓਲੰਪਿਕ ਕਮੇਟੀ ਦਖਲ ਦੇ ਸਕਦੀ ਹੈ ਤੇ ਭਾਰਤ ਨੂੰ ਪਾਬੰਦੀਸ਼ੁਦਾ ਕਰ ਸਕਦੀ ਹੈ। ਪੈਰਿਸ ਓਲੰਪਿਕ ਵਿਚ ਸਿਰਫ 3 ਮਹੀਨੇ ਬਾਕੀ ਹਨ ਪਰ ਆਈ. ਓ. ਏ. ਵਿਚ ਜਨਵਰੀ ਤੋਂ ਜਨਤਕ ਰੂਪ ਨਾਲ ਸਾਹਮਣੇ ਆਇਆ ਅੰਦਰੂਨੀ ਕਲੇਸ਼ ਅਜੇ ਤਕ ਜਾਰੀ ਹੈ।