ਸਿਵਲ ਹਸਪਤਾਲ ''ਚ ਇਲਾਜ ਲਈ ਮਰੀਜ਼ਾਂ ਨੂੰ ਹੋਣਾ ਪੈ ਰਿਹੈ ਪ੍ਰੇਸ਼ਾਨ
Friday, Oct 06, 2017 - 03:05 AM (IST)

ਸੰਗਰੂਰ, (ਯਾਦਵਿੰਦਰ)— ਇਕ ਪਾਸੇ ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਸਿਵਲ ਹਸਪਤਾਲਾਂ 'ਚ ਉਪਲੱਬਧ ਕਰਵਾਉਣ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਇਨ੍ਹਾਂ ਹਸਪਤਾਲਾਂ ਵਿਚ ਆਏ ਮਰੀਜ਼ਾਂ ਨੂੰ ਇਲਾਜ ਦੇ ਨਾਂ 'ਤੇ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
ਅਜਿਹਾ ਹੀ ਇਕ ਮਾਮਲਾ ਵੀਰਵਾਰ ਸਵੇਰੇ ਸਥਾਨਕ ਸਿਵਲ ਹਸਪਤਾਲ ਵਿਚ ਸਾਹਮਣੇ ਆਇਆ, ਜਿਥੇ ਡਲਿਵਰੀ ਲਈ ਆਈ ਇਕ ਗਰਭਵਤੀ ਔਰਤ ਨੂੰ ਬੱਚੀ ਨੂੰ ਜਨਮ ਦੇਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਾਮਲੇ ਦੀ ਸੂਚਨਾ ਸਮਾਜ ਸੇਵੀ ਸੰਸਥਾ ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਦੇ ਮੈਂਬਰਾਂ ਨੂੰ ਮਿਲੀ ਤਾਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਉਕਤ ਗਰੀਬ ਜੋੜੇ ਦੀ ਮਦਦ ਕਰਦਿਆਂ ਉਕਤ ਗਰਭਵਤੀ ਔਰਤ ਦੇ ਟੈਸਟ ਤੇ ਅਲਟਰਾਸਾਊਂਡ ਆਦਿ ਕਰਵਾਇਆ ਅਤੇ ਮਾਮਲਾ ਐੈੱਸ. ਐੱਮ. ਓ. ਤੇ ਸੀ. ਐੱਮ. ਓ. ਦੇ ਧਿਆਨ ਵਿਚ ਲਿਆਂਦਾ। ਇਸੇ ਦੌਰਾਨ ਉਕਤ ਗਰਭਵਤੀ ਔਰਤ ਨੇ ਸਟਾਫ ਨਰਸ ਦੇ ਕਮਰੇ ਵਿਚ ਹੀ ਬੈੱਡ 'ਤੇ ਇਕ ਬੱਚੀ ਨੂੰ ਜਨਮ ਦੇ ਦਿੱਤਾ।
ਕੀ ਕਹਿਣਾ ਹੈ ਪ੍ਰਵਾਸੀ ਮਜ਼ਦੂਰ ਦਾ : ਗਰਭਵਤੀ ਔਰਤ ਰੂਪਾ ਦੇ ਪਤੀ ਮਹਾਵੀਰ ਕੁਮਾਰ ਵਾਸੀ ਪਿੰਡ ਪਰੋਲੀ ਬਿਹਾਰ ਹਾਲ ਆਬਾਦ ਸ਼ਿਵਮ ਕਾਲੋਨੀ ਗਲੀ ਨੰਬਰ 5 ਸੰਗਰੂਰ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੀ ਪਤਨੀ ਦੀ ਹਾਲਤ ਗੰਭੀਰ ਹੋਣ 'ਤੇ ਉਸਨੂੰ ਸਿਵਲ ਹਸਪਤਾਲ ਵਿਚ ਲੈ ਕੇ ਆਇਆ, ਜੋ ਕਿ ਗੂੰਗੀ ਹੈ। 5 ਵਜੇ ਹਸਪਤਾਲ ਵਿਚ ਪਹੁੰਚਣ ਤੋਂ 2 ਘੰਟੇ ਬਾਅਦ 7 ਵਜੇ ਗਾਇਨੀ ਡਾਕਟਰ ਦੇ ਆਉਣ 'ਤੇ ਉਸਦਾ ਚੈੱਕਅਪ ਕੀਤਾ ਗਿਆ ਅਤੇ ਤੁਰੰਤ ਹੀ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤੇ ਜਾਣ ਬਾਰੇ ਦੱਸਿਆ ਗਿਆ ਪਰ ਉਸਨੇ ਪਟਿਆਲਾ ਲੈ ਕੇ ਜਾਣ ਦੀ ਅਸਮਰੱਥਾ ਜ਼ਾਹਿਰ ਕਰਦਿਆਂ ਇਥੇ ਹੀ ਇਲਾਜ ਕਰਵਾਉਣ ਲਈ ਕਿਹਾ। ਕਈ ਘੰਟੇ ਗਰਭਵਤੀ ਉਥੇ ਹੀ ਤੜਫਦੀ ਰਹੀ ਤੇ ਉਸਨੇ ਸਟਾਫ ਨਰਸ ਦੇ ਕਮਰੇ ਵਿਚ 10.30 ਵਜੇ ਇਕ ਬੇਟੀ ਨੂੰ ਜਨਮ ਦਿੱਤਾ।
ਕੀ ਕਹਿਣਾ ਹੈ ਸਿਵਲ ਸਰਜਨ ਦਾ : ਇਸ ਸਬੰਧੀ ਸਿਵਲ ਸਰਜਨ ਡਾ. ਕਿਰਨਜੋਤ ਕੌਰ ਬਾਲੀ ਨੇ ਕਿਹਾ ਕਿ ਜਦੋਂ ਗਰਭਵਤੀ ਔਰਤ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸਦੇ ਕੋਲ ਕੇਸ ਨਾਲ ਸਬੰਧਿਤ ਕੋਈ ਦਸਤਾਵੇਜ਼ ਨਹੀਂ ਸਨ, ਜਿਸ ਕਾਰਨ ਗਾਇਨੀ ਡਾਕਟਰ ਨੂੰ ਤੁਰੰਤ ਕੇਸ ਸਮਝ ਵਿਚ ਨਹੀਂ ਆਇਆ ਅਤੇ ਔਰਤ ਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੇਸ ਸਬੰਧੀ ਜੇਕਰ ਕੋਈ ਸ਼ਿਕਾਇਤ ਆਈ ਤਾਂ ਉਹ ਉਸਦੀ ਜਾਂਚ ਜ਼ਰੂਰ ਕਰਵਾਉਣਗੇ।