ਦਿੱਲੀ ਤੋਂ ਫਿਰੋਜ਼ਪੁਰ ਆ ਰਹੀ ਪੰਜਾਬ ਮੇਲ 'ਚ ਟੀ. ਟੀ. ਈ. ਨਾ ਆਉਣ 'ਤੇ ਯਾਤਰੀ ਹੋਏ ਪ੍ਰੇਸ਼ਾਨ

Friday, Oct 06, 2017 - 10:47 AM (IST)

ਦਿੱਲੀ ਤੋਂ ਫਿਰੋਜ਼ਪੁਰ ਆ ਰਹੀ ਪੰਜਾਬ ਮੇਲ 'ਚ ਟੀ. ਟੀ. ਈ. ਨਾ ਆਉਣ 'ਤੇ ਯਾਤਰੀ ਹੋਏ ਪ੍ਰੇਸ਼ਾਨ


ਫਿਰੋਜ਼ਪੁਰ (ਪਰਮਜੀਤ)- ਰੇਲਵੇ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਸਫਰ ਸਹੂਲਤਾਂ ਦੇਣ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਉਸ ਵੇਲੇ ਠੁੱਸ ਸਾਬਿਤ ਹੁੰਦੇ ਹਨ, ਜਦੋਂ ਵਿਭਾਗ ਵੱਲੋਂ ਟਰੇਨਾਂ 'ਚ ਨਿਯੁਕਤ ਕੀਤੇ ਟੀ. ਟੀ. ਈ. ਡੱਬਿਆਂ 'ਚ ਨਹੀਂ ਆਉਂਦੇ ਤੇ ਰਿਜ਼ਰਵੇਸ਼ਨ ਟਿਕਟਾਂ ਵਾਲੇ ਮੁਸਾਫਿਰਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਮਾਮਲਾ ਉਸ ਸਮੇਂ ਜੱਗ ਜ਼ਾਹਿਰ ਹੋਇਆ ਜਦੋਂ 4 ਅਕਤੂਬਰ ਨੂੰ ਦਿੱਲੀ ਤੋਂ ਫਿਰੋਜ਼ਪੁਰ ਲਈ ਚਲੀ ਪੰਜਾਬ ਮੇਲ ਦੀ ਬੋਗੀ ਨੰਬਰ ਐੱਸ-10 'ਚ ਕੋਈ ਵੀ ਟੀ. ਟੀ. ਈ. ਨਾ ਆਉਣ 'ਤੇ ਰਿਜ਼ਰਵੇਸ਼ਨ ਟਿਕਟਾਂ ਵਾਲੇ ਮੁਸਾਫਿਰਾਂ ਨੂੰ ਸੀਟ ਨਾ ਮਿਲਣ 'ਤੇ ਅਣ-ਅਧਿਕਾਰਤ ਤੌਰ 'ਤੇ ਬੈਠੇ ਮੁਸਾਫਿਰਾਂ ਨਾਲ ਉਨ੍ਹਾਂ ਦੀ ਖਿਚੋਤਾਣ ਹੁੰਦੀ ਦੇਖੀ ਗਈ। ਪੰਜਾਬ ਮੇਲ ਟਰੇਨ 'ਚ ਦਿੱਲੀ ਤੋਂ 4 ਅਕਤੂਬਰ ਨੂੰ ਫਿਰੋਜ਼ਪੁਰ ਲਈ ਸਫਰ ਕਰ ਰਹੇ ਫਿਰੋਜ਼ਪੁਰ ਦੇ ਰਾਜੇਸ਼ ਕੁਮਾਰ ਖੰਨਾ ਨੇ ਦੱਸਿਆ ਕਿ ਉਕਤ ਟਰੇਨ ਦੀ ਐੱਸ-10 ਬੋਗੀ 'ਚ ਸਾਡੀਆਂ ਬੁੱਕ ਕਰਵਾਈਆਂ 15, 26, 27 ਤੇ 33 ਨੰਬਰ ਸੀਟਾਂ 'ਤੇ ਕੁਝ ਹੋਰ ਵਿਅਕਤੀ ਬੈਠੇ ਹੋਏ ਸਨ ਜਦੋਂ ਕਿ ਉਨ੍ਹਾਂ ਵੱਲੋਂ ਅਨੇਕਾਂ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਵੀ ਮੁਸਾਫਿਰ ਨਹੀਂ ਉਠਿਆ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਟਰੇਨ 'ਚ ਕੋਈ ਵੀ ਟੀ. ਟੀ. ਈ. ਨਾ ਆਉਣ 'ਤੇ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਰੇਲਵੇ ਵਿਭਾਗ ਦੇ ਉੱਚ-ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਟਰੇਨ 'ਚ ਟੀ. ਟੀ. ਈ. ਨਾ ਆਉਣ 'ਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਰਿਜ਼ਰਵੇਸ਼ਨ ਵਾਲੇ ਮੁਸਾਫਿਰ ਆਪਣਾ ਸਫਰ ਬਿਨਾਂ ਕਿਸੇ ਮੁਸ਼ਕਿਲ ਦੇ ਕਰ ਸਕਣ। ਉਨ੍ਹਾਂ ਰੇਲਵੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਟਰੇਨ ਦੇ ਟੀ. ਟੀ. ਈ. ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਦਿੱਲੀ 'ਚ ਰੇਲ ਮੰਤਰੀ ਖਿਲਾਫ ਧਰਨਾ ਦੇਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਫਿਰੋਜ਼ਪੁਰ ਰੇਲ ਅਧਿਕਾਰੀਆਂ ਦੀ ਹੋਵੇਗੀ।


Related News