ਅਮਰਿੰਦਰ ਨੇ ਆਲੂ ਅਤੇ ਮੱਕੀ ਦੀ ਮਾਰਕੀਟਿੰਗ ਲਈ ਪੈਨਲ ਦਾ ਗਠਨ ਕੀਤਾ

02/16/2018 7:10:35 AM

ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਲੂਆਂ ਅਤੇ ਮੱਕੀ ਦੇ ਕਿਸਾਨਾਂ ਦੀ ਮਦਦ ਕਰਨ ਲਈ ਅੱਜ 3 ਮੈਂਬਰੀ ਪੈਨਲ ਦਾ ਗਠਨ ਕੀਤਾ ਹੈ, ਜੋ ਆਲੂ ਅਤੇ ਮੱਕੀ ਦੀ ਫਸਲ ਦੀ ਮਾਰਕੀਟਿੰਗ ਨੂੰ ਲੈ ਕੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗਾ। ਇਸ ਕਮੇਟੀ ਵਿਚ ਏ. ਸੀ. ਐੱਸ. (ਸਹਿਕਾਰੀ), ਏ. ਸੀ. ਐੱਸ. (ਵਿਕਾਸ) ਨੂੰ ਸ਼ਾਮਲ ਕੀਤਾ ਗਿਆ ਹੈ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਪੰਜਾਬ ਰਾਜ ਫਾਰਮਰਜ਼ ਕਮਿਸ਼ਨ ਨੂੰ 1 ਮਾਰਚ 2018 ਤਕ ਇਸ ਸੰਬੰਧ ਵਿਚ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।
ਕਮੇਟੀ ਦੇ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਆਲੂ ਅਤੇ ਮੱਕੀ ਦੀ ਫਸਲ ਨੂੰ ਦੁਰਦਸ਼ਾ ਤੋਂ ਬਚਾਉਣ ਲਈ ਮਾਰਕੀਟਿੰਗ ਦੇ ਉਪਾਅ ਦੱਸਣ। ਪਿਛਲੇ ਸਮੇਂ 'ਚ ਆਲੂ ਦੀਆਂ ਫਸਲਾਂ ਬਹੁਤ ਡਿੱਗ ਗਈਆਂ ਸਨ, ਜਿਸ ਕਾਰਨ ਕਿਸਾਨਾਂ ਨੇ ਆਪਣੀਆਂ ਫਸਲਾਂ ਨੂੰ ਸੁੱਟਣਾ ਸ਼ੁਰੂ ਕਰ ਦਿੱਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਲੂ ਅਤੇ ਮੱਕੀ ਦੇ ਕਿਸਾਨਾਂ ਨੂੰ ਲੈ ਕੇ ਚਿੰਤਤ ਦੱਸੇ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਪੈਨਲ ਦਾ ਗਠਨ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਢੁੱਕਵੀਆਂ ਮਾਰਕੀਟਿੰਗ ਸਹੂਲਤਾਂ ਪ੍ਰਾਪਤ ਨਾ ਹੋਣ ਕਾਰਨ ਆਲੂ ਅਤੇ ਮੱਕੀ ਦੇ ਕਿਸਾਨਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਘਰੇਲੂ ਪੱਧਰ 'ਤੇ ਮਾਰਕੀਟਿੰਗ ਸਹੂਲਤਾਂ ਦਾ ਪਤਾ ਲਾਵੇ ਅਤੇ ਨਾਲ ਹੀ ਕੌਮਾਂਤਰੀ ਪੱਧਰ 'ਤੇ ਹੀ ਆਲੂ ਅਤੇ ਮੱਕੀ ਦੀਆਂ ਫਸਲਾਂ ਨੂੰ ਆਕਰਸ਼ਿਕ ਕੀਮਤਾਂ ਦਿਵਾਉਣ ਲਈ ਕੰਮ ਕੀਤਾ ਜਾਣਾ ਚਾਹੀਦਾ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਨੂੰ ਕਿਹਾ ਕਿ ਉਹ ਇਨ੍ਹਾਂ ਖੇਤੀ ਵਸਤੂਆਂ 'ਚ ਫਿਊਚਰ ਟ੍ਰੇਡਿੰਗ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਾਏ ਤਾਂ ਕਿ ਕਿਸਾਨਾਂ ਦੀ ਮਦਦ ਹੋ ਸਕੇ। ਉਨ੍ਹਾਂ ਕਮੇਟੀ ਨੂੰ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਵਿਭਿੰਨਤਾ ਵੱਲ ਲੈ ਕੇ ਜਾਣ ਦੀ ਲੋੜ ਹੈ। ਰਾਜ ਸਰਕਾਰ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਵੀ ਫਸਲਾਂ ਦੀ ਵਿਭਿੰਨਤਾ ਲਈ ਪੰਜਾਬ ਸਰਕਾਰ ਦੀ ਮਦਦ ਕਰਨ ਦੀ ਅਪੀਲ ਕਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ਿਆਂ ਦੇ ਮਾੜੇ ਜਾਲ ਵਿਚ ਫਸੇ ਹੋਏ ਹਨ, ਜਿਸ ਨੂੰ ਦੇਖਦੇ ਹੋਏ ਕਿਸਾਨਾਂ ਦੀ ਮਦਦ ਲਈ ਕੇਂਦਰ ਨੂੰ ਅੱਗੇ ਆਉਣ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਲੂ ਉਤਪਾਦਕਾਂ ਵਿਚ ਜਾਗਰੂਕਤਾ ਵਧਾਉਣ ਦੀ ਲੋੜ ਹੈ। ਮੈਕਡੋਨਾਲਡ ਅਤੇ ਮੈਕੇਨ ਫੂਡਜ਼ ਨਾਲ ਸੰਪਰਕ ਵਧਾਉਣ ਦੀ ਲੋੜ ਹੈ, ਜਿਨ੍ਹਾਂ ਨੂੰ ਆਲੂ ਅਤੇ ਹੋਰ ਖੇਤੀ ਉਤਪਾਦਾਂ ਦੀ ਲੋੜ ਸਮੇਂ-ਸਮੇਂ 'ਤੇ ਪੈਂਦੀ ਰਹਿੰਦੀ ਹੈ। ਇਸੇ ਤਰ੍ਹਾਂ ਮੱਕੀ ਦੀ ਫਸਲ ਨੂੰ ਲੈ ਕੇ  ਕੇਂਦਰੀ ਟ੍ਰਾਂਸਪੋਰਟ. ਮੰਤਰੀ ਨਿਤਿਨ ਗਡਕਰੀ ਵਲੋਂ ਸੁਝਾਏ ਗਏ ਉਪਾਵਾਂ 'ਤੇ ਅਮਲ ਕਰਨ ਦੀ ਲੋੜ ਹੈ। ਉਨ੍ਹਾਂ ਕਮੇਟੀ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਢੁੱਕਵੀਂ ਕੀਮਤ ਦਿਵਾਉਣ ਦੀ ਕੋਸ਼ਿਸ਼ ਕਰੇ।


Related News