ਗੈਰ ਸਿੱਖ ਤੇ ਇਕੱਲੀ ਔਰਤ ਨੂੰ ਜਥੇ ''ਚ ਸ਼ਾਮਲ ਕਰਨ ''ਤੇ ਲੱਗੀ ਰੋਕ

Tuesday, May 08, 2018 - 12:35 PM (IST)

ਅੰਮ੍ਰਿਤਸਰ : ਪਾਕਿਸਤਾਨ 'ਚ ਵਿਸਾਖੀ ਮਨਾਉਣ ਗਏ ਜਥੇ 'ਚ ਸ਼ਾਮਲ ਭਾਰਤੀ ਸਿੱਖ ਮਹਿਲਾ ਦੇ ਲਾਹੌਰ ਦੇ ਇਕ ਵਿਅਕਤੀ ਨਾਲ ਵਿਆਹ ਕਰਵਾਉਣ ਤੇ ਨੌਜਵਾਨ ਅਮਰਜੀਤ ਸਿੰਘ ਦੇ ਗਾਇਬ ਹੋਣ ਦੀਆਂ ਘਟਨਾਵਾਂ ਸੀਮਾ ਪਾਰ ਜਾਣ ਵਾਲੇ ਸ਼ਰਧਾਲੂਆਂ 'ਤੇ ਭਾਰੀ ਪੈ ਰਹੀਆਂ ਹਨ। ਜਾਣਕਾਰੀ ਮੁਤਾਬਕ ਜੂਨ 'ਚ ਜਾਣ ਵਾਲੇ ਜਥੇ 'ਚ ਗੁਆਂਢੀ ਦੇਸ਼ ਨੇ ਗੈਰ ਸਿੱਖ ਤੇ ਇਕੱਲੀ ਮਹਿਲਾ ਦੇ ਜਥੇ 'ਚ ਸ਼ਾਮਲ ਹੋਣ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਲਈ ਜਥੇ ਲੈ ਕੇ ਜਾਣ ਵਾਲੀਆਂ ਸੰਸਥਾਵਾਂ ਨੂੰ ਫੋਨ ਤੇ ਈ-ਮੇਲ ਦੁਆਰਾ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। 
ਭਾਈ ਮਰਦਾਨਾ ਕੀਰਤਨ ਦਰਬਾਰ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਪਾਕਿ ਗੁਰਧਾਮਾਂ ਦੀ ਦੇਖ-ਰੇਖ ਕਰਨ ਵਾਲੇ ਐਕਯੂ ਟਰੱਸਟ ਪ੍ਰਾਪਟੀ ਬੋਰਡ ਨੇ ਜਥੇ ਲੈ ਕੇ ਜਾਣ ਵਾਲੀਆਂ ਸੰਸਥਾਵਾਂ ਨੂੰ ਆਪਣੇ ਜਥੇ 'ਚ ਗੈਰ ਸਿੱਖ, ਇਕੱਲੀ ਔਰਤ ਜਵਾਨ ਮਹਿਲਾ ਨੂੰ ਸ਼ਾਮਲ ਕਰ 'ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ 40 ਸਾਲ ਦੀ ਉਮਰ ਤੱਕ ਇਕੱਲੀ ਮਹਿਲਾ ਤੇ ਗੈਰ ਸਿੱਖ ਵਿਅਕਤੀਆਂ ਨੂੰ ਨਾਲ ਨਾ ਲਿਆਉਣ। ਦਿੱਲੀ ਸਥਿਤ ਪਾਕਿਸਤਾਨੀ ਅੰਬੈਂਸੀ ਨੇ ਜਥਾ ਲੈ ਕੇ ਜਾਣ ਵਾਲੀਆਂ ਸੰਸਥਾਵਾਂ ਨੂੰ ਕਿਹਾ ਕਿ ਜਿਨ੍ਹਾਂ ਨੇ ਵੀ ਗੈਰ ਸਿੱਖ ਦੇ ਵੀਜ਼ੇ ਲਈ ਅਪਲਾਈ ਕੀਤਾ ਤਾਂ ਉਸ ਇਕ ਗੈਰ ਸਿੱਖ ਦੇ ਤਿੰਨ ਵੀਜ਼ੇ ਕੱਟ ਦਿੱਤੇ ਜਾਣਗੇ। 
ਜ਼ਿਕਰਯੋਗ ਹੈ ਕਿ 8 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਤੇ 21 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਭਾਰਤੀ ਸਿੱਖਾਂ ਦਾ ਜੱਥਾ ਸਰਹੱਦ ਪਾਰ ਜਾ ਰਿਹਾ ਹੈ।    


Related News