ਪਿੰਡਾਂ ਵੱਲ ਚੱਲਦੇ ਓਵਰਲੋਡ ਟੈਂਪੂ ਉਡਾ ਰਹੇ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ

04/06/2018 12:02:13 PM

ਰੂਪਨਗਰ (ਕੈਲਾਸ਼)-ਸਰਹਿੰਦ ਨਹਿਰ ਦੇ ਕਿਨਾਰੇ ਨਗਰ ਕੌਂਸਲ ਦੀ ਬਣੀ ਪਾਰਕਿੰਗ ਤੋਂ ਕੁਝ ਯਾਤਰੀਆਂ ਨਾਲ ਭਰੇ ਕੁਝ ਓਵਰਲੋਡ ਟੈਂਪੂ ਰੋਜ਼ਾਨਾ ਨਾਲ ਲੱਗਦੇ ਪਿੰਡਾਂ ਵੱਲ ਜਾਂਦੇ ਹਨ ਪਰ ਇਸ ਪਾਸੇ ਟ੍ਰੈਫਿਕ ਪੁਲਸ ਕੋਈ ਧਿਆਨ ਨਹੀਂ ਦੇ ਰਹੀ। ਉਕਤ ਓਵਰਲੋਡ ਟੈਂਪੂ ਜਿੱਥੇ ਲੋਕਾਂ ਅਤੇ ਹੋਰ ਵਾਹਨ ਚਾਲਕਾਂ ਲਈ ਖਤਰਾ ਬਣੇ ਰਹਿੰਦੇ ਹਨ ਉਥੇ ਉਹ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ। ਉਕਤ ਟੈਂਪੂ ਚਾਲਕ ਸਵਾਰੀਆਂ ਦੀ ਜਾਨ ਨੂੰ ਜੋਖਮ 'ਚ ਪਾਉਣ ਦੇ ਇਲਾਵਾ ਟ੍ਰੈਫਿਕ ਨਿਯਮਾਂ ਦੀਆਂ ਵੀ ਧੱਜੀਆਂ ਉਡਾਉਣ 'ਚ ਲੱਗੇ ਹਨ।
 

ਟੈਂਪੂ ਚਾਲਕਾਂ ਨੇ ਕੌਂਸਲ ਨੇੜੇ ਬਣਾਇਆ ਪਾਰਕਿੰਗ ਅੱਡਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਦੀ ਨੱਕ ਥੱਲੇ, ਕੌਂਸਲ ਦੇ ਪਾਰਕਿੰਗ ਸਥਾਨ ਨੂੰ ਕੁਝ ਟੈਂਪੂ ਚਾਲਕਾਂ ਨੇ ਆਪਣਾ ਅੱਡਾ ਬਣਾ ਲਿਆ ਹੈ ਅਤੇ ਰੋਜ਼ਾਨਾ ਉਥੋਂ ਟੈਂਪੂ ਯਾਤਰੀਆਂ ਨਾਲ ਓਵਰਲੋਡ ਹੋ ਕੇ ਨਜ਼ਦੀਕੀ ਪਿੰਡਾਂ ਲਈ ਰਵਾਨਾ ਹੁੰਦੇ ਹਨ। ਲੋਕਾਂ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਉਕਤ ਮਾਮਲੇ 'ਚ ਟ੍ਰੈਫਿਕ ਪੁਲਸ ਵੀ ਕੋਈ ਕਾਰਵਾਈ ਨਹੀਂ ਕਰਦੀ। ਲੋਕਾਂ ਨੇ ਦੱਸਿਆ ਕਿ ਉਕਤ ਚੱਲਣ ਵਾਲੇ ਟੈਂਪੂ ਪ੍ਰਦੂਸ਼ਣ ਦਾ ਵੀ ਕਾਰਨ ਬਣੇ ਹੋਏ ਹਨ ਕਿਉਂਕਿ ਉਕਤ ਟੈਂਪੂ ਜਿਨ੍ਹਾਂ ਨੂੰ ਭੂੰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਬਹੁਤ ਪੁਰਾਣੇ ਹਨ ਉਹ ਪ੍ਰਦੂਸ਼ਣ ਦੇ ਨਿਯਮਾਂ ਦੀ ਖੁੱਲ੍ਹੇਆਮ ਉਲੰਘਣਾ ਕਰ ਰਹੇ ਹਨ। ਇਸ ਸਬੰਧ 'ਚ ਸ਼ਹਿਰ ਦੇ ਵੱਖ-ਵੱਖ ਸਮਾਜ ਸੇਵੀ ਅਤੇ ਲੋਕਾਂ ਨੇ ਉਕਤ ਮਾਮਲੇ 'ਚ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

ਕੀ ਕਹਿੰਦੇ ਨੇ ਪਿੰਡਾਂ ਦੇ ਲੋਕ
ਇਸ ਮੌਕੇ ਜਦੋਂ ਯਾਤਰੀ ਨਿਰਮਲ ਸਿੰਘ ਲੋਦੀਮਾਜਰਾ, ਰਜਿੰਦਰ ਸਿੰਘ, ਪਵਨ ਕੁਮਾਰ, ਦਲੀਪ ਸਿੰਘ ਨੇ ਦੱਸਿਆ ਕਿ ਰੂਪਨਗਰ ਤੋਂ ਪਿੰਡ ਕਟਲੀ, ਲੋਦੀਮਾਜਰਾ ਵੱਲ ਬੱਸਾਂ ਦਾ ਰੂਟ ਬਹੁਤ ਘੱਟ ਹੈ। ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਟੈਂਪੂਆਂ 'ਚ ਆਉਣਾ ਜਾਣਾ ਪੈਂਦਾ ਹੈ। ਜੇਕਰ ਜ਼ਿਲਾ ਪ੍ਰਸ਼ਾਸਨ ਪਿੰਡ ਵਾਸੀਆਂ ਦੀ ਉਕਤ ਸਮੱਸਿਆ ਵੱਲ ਧਿਆਨ ਦੇਵੇ ਅਤੇ ਬੱਸਾਂ ਲਾਈਆਂ ਜਾਣ ਤਾਂ ਉਹ ਬੱਸਾਂ 'ਚ ਜਾਣਾ ਵੱਧ ਪਸੰਦ ਕਰਨਗੇ। ਉਹ ਮਜਬੂਰਨ ਟੈਂਪੂਆਂ 'ਚ ਜਾਂਦੇ ਹਨ ਅਤੇ ਉਹ ਖੁਦ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ।
 

ਕੀ ਕਹਿੰਦੇ ਨੇ ਸਿਟੀ ਟ੍ਰੈਫਿਕ ਇੰਚਾਰਜ
ਇਸ ਸਬੰਧ 'ਚ ਜਦੋਂ ਸਿਟੀ ਟ੍ਰੈਫਿਕ ਇੰਚਾਰਜ ਬਲਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਉਕਤ ਟੈਂਪੂ ਚਾਲਕਾਂ ਨੂੰ ਕਈ ਵਾਰ ਪਹਿਲਾਂ ਵੀ ਵਾਰਨਿੰਗ ਦੇ ਚੁੱਕੇ ਹਨ।  ਉਕਤ ਪ੍ਰਕਾਰ ਦੇ ਟੈਂਪੂ 10 ਯਾਤਰੀਆਂ ਲਈ ਪਾਸ ਹੁੰਦੇ ਹਨ,  ਜੇਕਰ ਇਸ ਤੋਂ ਵੱਧ ਓਵਰਲੋਡ ਟੈਂਪੂ ਚੱਲਣਗੇ ਤਾਂ ਉਹ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਉਣਗੇ।


Related News