ਓਰੀਸਨ ਹਸਪਤਾਲ ’ਚੋਂ ਲਾਸ਼ ਚੋਰੀ ਦਾ ਮਾਮਲਾ : ਅਸਥੀਆਂ ਵਾਲੇ ਕਲਸ਼ ’ਤੇ ਪੁਲਸ ਦਾ ਪਹਿਰਾ
Friday, Dec 26, 2025 - 12:21 PM (IST)
ਲੁਧਿਆਣਾ (ਰਾਜ) : ਓਰੀਸਨ ਹਸਪਤਾਲ ’ਚ ਲਾਸ਼ ਚੋਰੀ ਦੇ ਮਾਮਲੇ ਵਿਚ ਮ੍ਰਿਤਕ ਬਜ਼ੁਰਗ ਔਰਤ ਬਲਵੀਰ ਕੌਰ ਦੀਆਂ ਅਸਥੀਆਂ ਹੁਣ ਪੁਲਸ ਦੇ ਪਹਿਰੇ ’ਚ ਰਹਿਣਗੀਆਂ। ਪੁਲਸ ਨੇ ਅਸਥੀਆਂ ਵਾਲਾ ਕਲਸ਼ ਕਬਜ਼ੇ ਵਿਚ ਲੈ ਲਿਆ ਹੈ ਅਤੇ ਉਸ ਨੂੰ ਡੀ. ਐੱਨ. ਏ. ਜਾਂਚ ਲਈ ਭੇਜਣ ਦੀ ਤਿਆਰੀ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਹੁਣ ਅਸਥੀਆਂ ਪਰਿਵਾਰ ਨੂੰ ਸੌਂਪੀਆਂ ਜਾਣਗੀਆਂ। ਦੂਜੇ ਪਾਸੇ ਪੀੜਤ ਪਰਿਵਾਰ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਇਸ ਲਈ ਪੀੜਤ ਪਰਿਵਾਰ ਨੇ ਹਸਪਤਾਲ ਦੇ ਅੰਦਰ ਫਿਰ ਧਰਨਾ-ਪ੍ਰਦਰਸ਼ਨ ਕੀਤਾ। ਮ੍ਰਿਤਕ ਦੇ ਪਤੀ ਅਤੇ ਹੋਰ ਪਰਿਵਾਰ ਦਾ ਦੋਸ਼ ਹੈ ਕਿ ਉਹ ਸ਼ਮਸ਼ਾਨਘਾਟ ਵਿਚ ਅੰਤਿਮ ਰਸਮਾਂ ਨਿਭਾਉਣ ਲਈ ਗਏ ਸਨ, ਜਿਥੇ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਅਤੇ ਅਸਥੀਆਂ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ। ਹੁਣ ਪੁਲਸ ਉਸ ਦੀ ਡੀ. ਐੱਨ. ਏ. ਜਾਂਚ ਤੋਂ ਬਾਅਦ ਹੀ ਪਰਿਵਾਰ ਨੂੰ ਸੌਂਪਣ ਦੀ ਗੱਲ ਕਰ ਰਹੀ ਹੈ।
ਇਹ ਵੀ ਪੜ੍ਹੋ : ਪਾਕਿ ਗੈਂਗਸਟਰ ਵੱਲੋਂ ਸਾਬਕਾ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਨੂੰ ਧਮਕੀ
ਉਨ੍ਹਾਂ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਵਿਚ ਸਮਾਂ ਲੱਗ ਸਕਦਾ ਹੈ, ਜਿਸ ਨਾਲ ਪਰਿਵਾਰ ਵਿਚ ਰੋਸ ਹੈ। ਪਹਿਲਾਂ ਲਾਸ਼ ਉਨ੍ਹਾਂ ਨੂੰ ਨਹੀਂ ਮਿਲੀ, ਕਿਸੇ ਹੋਰ ਨੇ ਸਸਕਾਰ ਕਰ ਦਿੱਤਾ, ਜਦੋਂਕਿ ਹੁਣ ਉਨ੍ਹਾਂ ਨੂੰ ਅਸਥੀਆਂ ਵੀ ਨਹੀਂ ਮਿਲ ਰਹੀਆਂ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੇ ਸ਼ਿਕਾਇਤ ’ਚ ਮੁਲਜ਼ਮਾਂ ਦੇ ਨਾਂ ਦਿੱਤੇ ਸਨ ਪਰ ਪੁਲਸ ਨੇ ਅਣਪਛਾਤੇ ’ਤੇ ਕੇਸ ਦਰਜ ਕੀਤਾ ਹੈ, ਜਦੋਂਕਿ ਹਸਪਤਾਲ ਵਿਚ ਉਸ ਸਮੇਂ ਸਟਾਫ ਅਤੇ ਡਾਕਟਰ ਮੌਜੂਦ ਸਨ। ਉਨ੍ਹਾਂ ਨੂੰ ਨਾਮਜ਼ਦ ਕਰਨ ਦੀ ਬਜਾਏ ਅਣਪਛਾਤੇ ਲੋਕਾਂ ’ਤੇ ਹੀ ਕੇਸ ਕੀਤਾ ਹੈ, ਜਿਸ ਤੋਂ ਸਾਫ ਤੌਰ ’ਤੇ ਜ਼ਾਹਿਰ ਹੋ ਰਿਹਾ ਹੈ ਕਿ ਪੁਲਸ ਨੇ ਜਾਂਚ ਢਿੱਲੀ ਕਰ ਦਿੱਤੀ ਹੈ। ਪੁਲਸ ਮੁਲਜ਼ਮਾਂ ਨੂੰ ਨਾਮਜ਼ਦ ਨਾ ਕਰਕੇ ਉਨ੍ਹਾਂ ਨਾਲ ਅਨਿਆਂ ਕਰ ਰਹੀ ਹੈ। ਉਧਰ, ਪੁਲਸ ਨੇ ਸਪੱਸ਼ਟ ਕੀਤਾ ਕਿ ਡੀ. ਐੱਨ. ਏ. ਰਿਪੋਰਟ ਆਉਣ ਤੱਕ ਅਸਥੀਆਂ ਪੁਲਸ ਦੇ ਕਬਜ਼ੇ ਵਿਚ ਹੀ ਰਹਿਣਗੀਆਂ। ਪਰਿਵਾਰ ਜਲਦ ਰਿਪੋਰਟ ਦੇਣ ਅਤੇ ਅਸਥੀ ਕਲਸ਼ ਸੌਂਪਣ ਦੀ ਮੰਗ ਕਰ ਰਿਹਾ ਹੈ ਪਰ ਜਦੋਂ ਰਿਪੋਰਟ ਆਵੇਗੀ ਤਾਂ ਹੀ ਉਨ੍ਹਾਂ ਨੂੰ ਅਸਥੀਆਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਕਾਂਗਰਸ 'ਚੋਂ ਮੁਅੱਤਲ ਕੀਤੇ ਜਾਣ ਮਗਰੋਂ ਭਾਜਪਾ ਦੇ ਵੱਡੇ ਆਗੂ ਨੂੰ ਮਿਲੇ ਨਵਜੋਤ ਸਿੱਧੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
