ਦੁਕਾਨ ਦਾ ਰੌਸ਼ਨਦਾਨ ਤੋੜ ਕੇ ਅੰਦਰ ਵੜੇ ਚੋਰ, 2 ਲੱਖ ਦੀ ਨਕਦੀ ਤੇ ਕੀਮਤੀ ਸਾਮਾਨ ਕੀਤਾ ਚੋਰੀ

Monday, Feb 16, 2026 - 01:25 PM (IST)

ਦੁਕਾਨ ਦਾ ਰੌਸ਼ਨਦਾਨ ਤੋੜ ਕੇ ਅੰਦਰ ਵੜੇ ਚੋਰ, 2 ਲੱਖ ਦੀ ਨਕਦੀ ਤੇ ਕੀਮਤੀ ਸਾਮਾਨ ਕੀਤਾ ਚੋਰੀ

ਲੁਧਿਆਣਾ (ਰਾਜ): ਮਹਾਨਗਰ ਦੇ ਭੀੜ-ਭੜੱਕੇ ਵਾਲੇ ਇਲਾਕੇ ਜਵਾਹਰ ਨਗਰ ਕੈਂਪ ਵਿਚ ਬੀਤੀ ਰਾਤ ਬੇਖੌਫ਼ ਚੋਰਾਂ ਨੇ ਇਕ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਪੁਲਸ ਗਸ਼ਤ ਦੇ ਦਾਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਾਤਰ ਚੋਰਾਂ ਨੇ ਇੱਥੇ ਸਥਿਤ 'ਆਹੂਜਾ ਪੈਕਿੰਗ' ਨਾਮਕ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਦੁਕਾਨ ਦੀ ਉਪਰਲੀ ਮੰਜ਼ਿਲ ਦਾ ਰੋਸ਼ਨਦਾਨ ਤੋੜ ਕੇ ਅੰਦਰ ਦਾਖ਼ਲ ਹੋ ਗਏ। ਚੋਰਾਂ ਨੇ ਨਾ ਸਿਰਫ਼ ਗੱਲੇ ਵਿਚ ਪਈ 2 ਲੱਖ ਰੁਪਏ ਦੀ ਭਾਰੀ-ਭਰਕਮ ਨਕਦੀ 'ਤੇ ਹੱਥ ਸਾਫ਼ ਕੀਤਾ, ਬਲਕਿ ਦੁਕਾਨ ਵਿਚ ਰੱਖਿਆ ਹੋਰ ਕੀਮਤੀ ਸਾਮਾਨ ਵੀ ਸਮੇਟ ਕੇ ਰਫ਼ੂਚੱਕਰ ਹੋ ਗਏ।

ਘਟਨਾ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਨਵੀਨ ਆਹੂਜਾ ਨੇ ਦੱਸਿਆ ਕਿ 14 ਅਤੇ 15 ਫਰਵਰੀ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸਵੇਰੇ ਜਦੋਂ ਦੁਕਾਨ ਖੋਲ੍ਹੀ ਗਈ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦੁਕਾਨ ਦੀ ਉੱਪਰਲੀ ਮੰਜ਼ਿਲ 'ਤੇ ਲੱਗਾ ਰੌਸ਼ਨਦਾਨ ਟੁੱਟਿਆ ਹੋਇਆ ਸੀ ਅਤੇ ਸਾਰਾ ਸਾਮਾਨ ਖੁਰਦ-ਬੁਰਦ ਪਿਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਦੁਕਾਨ ਤੋਂ 2 ਲੱਖ ਰੁਪਏ ਦੀ ਨਕਦੀ ਅਤੇ ਕਾਫੀ ਕੀਮਤੀ ਸਾਮਾਨ ਗਾਇਬ ਹੈ। ਦੁਕਾਨਦਾਰ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਦਿੱਤੀ। 

ਪੀੜਤ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪੱਧਰ 'ਤੇ ਵੀ ਛਾਨਬੀਨ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੂੰ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ। ਉੱਥੇ ਹੀ, ਮੌਕੇ 'ਤੇ ਪਹੁੰਚੀ ਪੁਲਸ ਨੇ ਦੁਕਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਰੌਸ਼ਨਦਾਨ ਰਾਹੀਂ ਅੰਦਰ ਵੜਨ ਦੇ ਤਰੀਕੇ ਤੋਂ ਲੱਗਦਾ ਹੈ ਕਿ ਚੋਰਾਂ ਨੂੰ ਦੁਕਾਨ ਦੇ ਅੰਦਰੂਨੀ ਹਿੱਸੇ ਦੀ ਪੂਰੀ ਜਾਣਕਾਰੀ ਸੀ। ਫਿਲਹਾਲ ਪੁਲਸ ਨੂੰ ਮੁਲਜ਼ਮ ਦੀ ਪਛਾਣ ਹੋ ਗਈ ਹੈ, ਮੁਲਜ਼ਮ ਧੂਰੀ ਲਾਈਨ ਦਾ ਰਹਿਣ ਵਾਲਾ ਰਾਹੁਲ ਹੈ। ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


author

Anmol Tagra

Content Editor

Related News