ਕਦੇ ਜਿੱਤਿਆ ਸੀ ਜਿਸ ਨੇ ਕੌਮੀ ਪੁਰਸਕਾਰ, ਅੱਜ ਬਿਜਲੀ ਉਤਪਾਦਨ ਨੂੰ ਤਰਸਿਆ ਥਰਮਲ ਪਲਾਂਟ
Saturday, May 30, 2020 - 12:48 AM (IST)
ਚੰਡੀਗੜ੍ਹ/ਪਟਿਆਲਾ, (ਪਰਮੀਤ)— ਪੰਜਾਬ ਦੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬੰਦ ਥਰਮਲ ਪਲਾਂਟ ਨੂੰ ਕਦੇ ਕੌਮੀ ਪੱਧਰ 'ਤੇ ਚੰਗੀ ਕਾਰਗੁਜ਼ਾਰੀ ਦਾ ਪੁਰਸਕਾਰ ਮਿਲਿਆ ਸੀ ਪਰ ਅੱਜ ਇਹ ਥਰਮਲ ਪਲਾਂਟ ਬਿਜਲੀ ਦੇ ਉਤਪਾਦਨ ਲਈ ਤਰਸ ਗਿਆ ਹੈ।
ਜਾਣਕਾਰੀ ਮੁਤਾਬਕ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ 2011-12 ਅਤੇ 2012-2013 ਦੌਰਾਨ ਬਿਜਲੀ ਉਤਪਾਦਨ ਲਈ ਕੌਮੀ ਪੁਰਸਕਾਰ ਮਿਲਿਆ ਸੀ। 2011-12 ਦੌਰਾਨ ਕੌਮੀ ਪੱਧਰ 'ਤੇ ਮਿਲੇ 68,730 ਲੱਖ ਯੂਨਿਟ ਦੇ ਟੀਚੇ ਦੇ ਮੁਕਾਬਲੇ ਇਸ ਪਲਾਂਟ ਨੇ 76212 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਸੀ ਅਤੇ ਉਸ ਵੇਲੇ ਇਸ ਦਾ ਪਲਾਂਟ ਲੋਡ ਫੈਕਟਰ 94.31 ਫੀਸਦੀ ਰਿਹਾ ਸੀ।
2013-14 ਦੌਰਾਨ ਇਸਦੀ ਕਾਰਗੁਜ਼ਾਰੀ ਵਿਚ ਗਿਰਾਵਟ ਦਾ ਦੌਰ ਸ਼ੁਰੂ ਹੋਇਆ ਅਤੇ ਪਲਾਂਟ ਲੋਡ ਫੈਕਟਰ ਘਟ ਕੇ 82.7 ਫੀਸਦੀ ਰਹਿ ਗਿਆ। ਇਸ ਉਪਰੰਤ ਇਸ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ। 2014-15 ਵਿਚ ਇਹ ਘਟ ਕੇ 55.93 ਫੀਸਦੀ ਰਹਿ ਗਈ, 2015-16 ਵਿਚ ਇਹ ਹੋਰ ਘਟ ਕੇ 38.79 ਫੀਸਦੀ ਰਹਿ ਗਈ। ਇਸ ਉਪਰੰਤ 2016-17 ਵਿਚ ਇਹ 33.95 ਫੀਸਦੀ ਰਹਿ ਗਈ ਜਦਕਿ ਅਗਲੇ ਸਾਲ 2017-18 ਵਿਚ ਇਸ ਵਿਚ ਅੰਸ਼ਕ ਵਾਧਾ ਦਰਜ ਕੀਤਾ ਗਿਆ ਅਤੇ ਇਹ 36.54 ਫੀਸਦੀ ਹੋ ਗਈ। ਅਗਲੇ ਸਾਲ ਯਾਨੀ 2018-19 ਵਿਚ ਇਸ ਵਿਚ ਫਿਰ ਗਿਰਾਵਟ ਦਰਜ ਕੀਤੀ ਗਈ ਅਤੇ ਪੀ. ਡੀ. ਐੱਫ. ਦੀ ਇਹ ਦਰ 30.84 ਫੀਸਦੀ ਰਹਿ ਗਈ ਅਤੇ ਲੰਘੇ ਆਰਥਿਕ ਵਰ੍ਹੇ ਯਾਨੀ 2019-20 ਦੌਰਾਨ ਇਹ ਸਿਰਫ 11.33 ਫੀਸਦੀ ਰਹਿ ਗਈ ਹੈ।
ਇਸੇ ਤਰ੍ਹਾਂ ਦੀ ਸਥਿਤੀ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਬਣੀ। 2013-14 ਵਿਚ ਇਸ ਦੀ ਬਿਜਲੀ ਉਤਪਾਦਨ ਸਮਰੱਥਾ ਯਾਨੀ ਪਲਾਂਟ ਲੋਡ ਫੈਕਟਰ 72.53 ਫੀਸਦੀ ਸੀ, ਜੋ ਅਗਲੇ ਸਾਲ 2014-15 ਦੌਰਾਨ 52.11 ਫੀਸਦੀ ਰਹਿ ਗਿਆ। ਇਸ ਤੋਂ ਅਗਲੇ ਸਾਲ 2015-16 ਇਹ ਦਰ 35.77 ਫੀਸਦੀ ਰਹਿ ਗਈ, ਇਸ ਤੋਂ ਅਗਲੇ ਸਾਲ 2016-17 ਵਿਚ 25.15 ਅਤੇ 2017-18 ਵਿਚ 22.45 ਫੀਸਦੀ ਰਹਿ ਗਈ। ਪਿਛਲੇ ਲੰਘੇ ਵਿੱਤੀ ਸਾਲ ਯਾਨੀ 2018-19 ਵਿਚ ਇਸ ਦਰ ਵਿਚ ਅੰਸ਼ਕ ਵਾਧਾ ਦਰਜ ਕੀਤਾ ਗਿਆ ਅਤੇ ਇਹ 23.5 ਫੀਸਦੀ ਮਾਪੀ ਗਈ ਜਦਕਿ ਇਸ ਤੋਂ ਅਗਲੇ ਸਾਲ ਯਾਨੀ ਲੰਘੇ ਵਿੱਤੀ ਵਰ੍ਹੇ 2019-20 ਦੌਰਾਨ ਇਹ 14.25 ਫੀਸਦੀ ਰਹਿ ਗਈ।
ਇਸ ਤਰ੍ਹਾਂ ਪਾਵਰਕਾਮ ਦੇ ਇਨ੍ਹਾਂ ਦੋ ਸਰਕਾਰੀ ਪਲਾਂਟਾਂ ਵਿਚ ਬਿਜਲੀ ਉਤਪਾਦਨ ਦੀ ਜ਼ਰੂਰਤ ਪਲਾਂਟ ਦੀ ਸਮਰੱਥਾ ਦੇ ਅਨੁਕੂਲ ਸਿਰਫ ਨਿਗੂਣੀ ਰਹਿ ਗਈ ਹੈ। ਪਾਵਰਕਾਮ ਦੇ ਹਲਕਿਆਂ ਮੁਤਾਬਕ 365 ਦਿਨਾਂ ਵਿਚੋਂ ਇਹ ਪਲਾਂਟ ਸਿਰਫ 40 ਦਿਨ ਹੀ ਚਲਦੇ ਹਨ। ਅਜਿਹੇ ਵਿਚ ਇਨ੍ਹਾਂ ਪਲਾਂਟਾਂ ਨੂੰ ਚਲਾਉਣ ਦੀ ਲਾਗਤ ਦੇ ਨਾਲ-ਨਾਲ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਨ੍ਹਾਂ 'ਤੇ ਲਾਏ ਜ਼ੁਰਮਾਨੇ ਕਿਥੋਂ ਤਕ ਜਾਇਜ਼ ਹਨ, ਇਸ ਦਾ ਅੰਦਾਜ਼ਾ ਵਿਅਕਤੀ ਸਹਿਜੇ ਹੀ ਲਾ ਸਕਦਾ ਹੈ।