ਕਿਸੇ ਵੇਲੇ ਵੀ ਢੇਰੀ ਹੋ ਸਕਦੇ ਨੇ ਅੰਗਰੇਜ਼ ਹਕੂਮਤ ਵੇਲੇ ਦੇ ਬਣੇ ਸਦੀਆਂ ਪੁਰਾਣੇ ਪੁਲ

12/16/2017 4:40:38 AM

ਬਾਘਾਪੁਰਾਣਾ (ਚਟਾਨੀ) - ਬਾਘਾਪੁਰਾਣਾ ਖੇਤਰ ਦੀਆਂ ਨਹਿਰਾਂ, ਸੂਇਆਂ ਅਤੇ ਕੱਸੀਆਂ ਉੱਪਰ ਬਣੇ ਪੁਲਾਂ ਦੀਆਂ ਢੱਠੀਆਂ ਬੰਨੀਆਂ ਅਤੇ ਟੁੱਟੇ ਐਂਗਲਾਂ ਕਾਰਨ ਭਾਵੇਂ ਪੁਲਾਂ 'ਤੇ ਵਾਪਰੇ ਵੱਖ-ਵੱਖ ਹਾਦਸਿਆਂ 'ਚ ਅਨੇਕਾਂ ਹੀ ਮਨੁੱਖੀ ਜਾਨਾਂ ਭੰਗ ਦੇ ਭਾਣੇ ਜਾ ਚੁੱਕੀਆਂ ਹਨ ਅਤੇ ਕਈ ਲੋਕ ਜ਼ਿੰਦਗੀ ਭਰ ਲਈ ਅਪਾਹਜ ਹੋ ਚੁੱਕੇ ਹਨ ਪਰ ਸਬੰਧਤ ਵਿਭਾਗਾਂ ਦੀ ਸਵੱਲੀ ਨਜ਼ਰ ਇਸ ਵੱਡੀ ਸਮੱਸਿਆ ਵੱਲ ਅਜੇ ਤੱਕ ਨਹੀਂ ਹੋਈ। ਭਾਵੇਂ ਅਜਿਹੇ ਘੋਨੇ ਪੁਲਾਂ ਦੀ ਮੁਰੰਮਤ ਅਤੇ ਨਵ-ਉਸਾਰੀ ਲਈ ਪਿੰਡਾਂ ਦੀਆਂ ਕਲੱਬਾਂ, ਪੰਚਾਇਤਾਂ ਅਤੇ ਇਥੋਂ ਨਿੱਤ ਲੰਘਣ ਵਾਲੇ ਰਾਹਗੀਰਾਂ ਨੇ ਅਖਬਾਰੀ ਅਤੇ ਜ਼ੁਬਾਨੀ ਬੇਨਤੀਆਂ ਕਰ ਕੇ ਵਾਰ-ਵਾਰ ਸਬੰਧਤ ਅਧਿਕਾਰੀਆਂ ਨੂੰ ਹਲੂਣਿਆਂ ਪਰ ਕਿਸੇ ਦੀ ਵੀ ਅੱਖ ਨਹੀਂ ਖੁੱਲ੍ਹੀ।
ਇਸ ਖੇਤਰ ਦੇ ਅੱਧਿਓਂ ਵੱਧ ਪੁਲਾਂ ਦੀ ਹਾਲਤ ਡਾਹਢੀ ਤਰਸਯੋਗ ਹੈ। ਕਈ ਪੁਲ ਤਾਂ ਅਜਿਹੇ ਹਨ ਜਿਨ੍ਹਾਂ ਦੀ ਮਿਆਦ ਪੂਰੀ ਹੋਈ ਨੂੰ ਵੀ ਕਈ-ਕਈ ਵਰ੍ਹੇ ਬੀਤ ਗਏ ਹਨ ਜਦਕਿ ਪਿੰਡ ਵੈਰੋਕੇ, ਕੋਟਲਾ ਮਿਹਰ ਸਿੰਘ ਵਾਲਾ ਅਤੇ ਸੰਗਤਪੁਰਾ-ਸਮਾਧ ਭਾਈ ਦੀਆਂ ਨਹਿਰਾਂ ਉੱਪਰ ਅੰਗਰੇਜ਼ ਹਕੂਮਤ ਵੇਲੇ ਦੇ ਬਣੇ ਪੁਲ ਇਕ ਸਦੀ ਦੀ ਉਮਰ ਹੰਢਾ ਚੁੱਕੇ ਹਨ ਜਿਨ੍ਹਾਂ ਦੀਆਂ ਇੱਟਾਂ ਵੀ ਖੁਰ-ਖੁਰ ਕੇ ਡਿੱਗਦੀਆਂ ਜਾ ਰਹੀਆਂ ਹਨ, 'ਤੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿੰਡ ਮੰਡੀਰਾ ਵਾਲਾ ਦੀ ਨਹਿਰ ਉਪਰਲੇ ਪੁਲ ਦੀ ਖਸਤਾ ਹਾਲਤ ਦੇ ਸੁਧਾਰ ਲਈ ਪਿੰਡ ਦੀ ਬਾਬਾ ਮੁਰਲੀ ਦਾਸ ਕਲੱਬ ਹੀ ਆਖਿਰ ਅੱਗੇ ਆਈ, ਜਿਸ ਨੇ ਆਪਣੇ ਉੱਦਮ ਨਾਲ ਮੁਰੰਮਤ ਕੀਤੀ। ਇਸ ਤਰ੍ਹਾਂ ਪਿੰਡ ਲਧਾਈਕੇ ਅਤੇ ਮਾੜੀ ਮੁਸਤਫਾ 'ਚੋਂ ਲੰਘਦੇ ਸੂਏ ਦੇ ਪੁਲਾਂ ਦੀ ਮੁਰੰਮਤ ਪਿੰਡ ਵੈਰੋਕੇ ਦੇ ਭਾਈ ਦਰਬਾਰੀ ਦਾਸ ਗੁਰਦੁਆਰਾ ਟਰੱਸਟ ਵੱਲੋਂ ਕਰਵਾਈ ਗਈ। ਪਿੰਡ ਰੋਡੇ 'ਚ ਵੀ ਵਾਪਰੇ ਵੱਡੇ ਹਾਦਸੇ ਮਗਰੋਂ ਪਿੰਡ ਦੇ ਲੋਕਾਂ ਨੇ ਹੀ ਸੂਏ ਦੇ ਪੁਲ ਦੀ ਮੁਰੰਮਤ ਕਰਵਾਈ।
ਅਜਿਹੇ ਪੁਲਾਂ ਦੀ ਤਰਸਯੋਗ ਹਾਲਤ ਤੋਂ ਚਿੰਤਤ ਲੋਕਾਂ ਅਤੇ ਪੰਚਾਇਤਾਂ ਵੱਲੋਂ ਮਚਾਈ ਗਈ ਹਾਲ ਦੁਹਾਈ ਦਾ ਵਿਭਾਗਾਂ ਉੱਪਰ ਭੋਰਾ ਵੀ ਅਸਰ ਨਾ ਹੋਇਆ ਹੋਣ ਕਰ ਕੇ ਲੋਕ ਤਿੱਖੇ ਸੰਘਰਸ਼ ਦੇ ਰੌਂਅ 'ਚ ਦਿਖਾਈ ਦੇ ਰਹੇ ਹਨ। ਵੱਖ-ਵੱਖ ਪੁਲ ਵੱਖ-ਵੱਖ ਵਿਭਾਗਾਂ ਦੇ ਅਧੀਨ ਆਉਂਦੇ ਹਨ।  ਮੰਡੀ ਬੋਰਡ ਕੁਲ 22 ਪੁਲਾਂ ਦੀ ਦੇਖ-ਰੇਖ ਕਰ ਰਿਹਾ ਹੈ, ਜਦਕਿ ਲੋਕ ਨਿਰਮਾਣ ਵਿਭਾਗ 15 ਪੁਲਾਂ ਦੀ ਮੁਰੰਮਤ ਅਤੇ ਨਵ-ਨਿਰਮਾਣ ਲਈ ਜ਼ਿੰਮੇਵਾਰ ਹੈ। ਮੰਡੀ ਬੋਰਡ ਦੀ ਬਾਘਾਪੁਰਾਣਾ ਸਬ-ਡਵੀਜ਼ਨ ਦੇ ਇੰਜੀਨੀਅਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੇ ਪੁਲਾਂ ਦੀ ਬਜਾਏ ਹੁਣ ਨਵੇਂ ਪੁਲ ਬਣਾਏ ਜਾਣ ਦੀ ਤਜਵੀਜ਼ 'ਨਬਾਰਡ' ਕੋਲ ਭੇਜੀ ਗਈ ਹੈ, ਜਦਕਿ ਮਾਮੂਲੀ ਮੁਰੰਮਤ ਵਾਲੇ 11 ਪੁਲਾਂ ਦਾ ਕੰਮ ਕੰਮ ਚੱਲ ਰਿਹਾ ਹੈ ਜਿਨ੍ਹਾਂ 'ਚੋਂ 5 ਪੁਲ ਮੁਕੰਮਲ ਹੋ ਗਏ ਹਨ। ਇਸ ਤਰ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਨੇ ਵੀ ਪੁਲਾਂ ਦੀ ਮੁਰੰਮਤ ਲਈ ਵਿਭਾਗੀ ਯਤਨਾਂ ਦੀ ਪ੍ਰੀਕਿਰਿਆ ਤੇਜ਼ ਕਰਨ ਦੀ ਗੱਲ ਆਖੀ।
ਕੀ ਕਹਿਣਾ ਹੈ ਪਿੰਡ ਮੰਡੀਰਾਂ ਵਾਲਾ ਕੱਲਬ ਦਾ
ਪਿੰਡ ਮੰਡੀਰਾਂ ਵਾਲਾ ਦੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡੀਰਾ ਵਾਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮੈਂਬਰਾਂ ਅਤੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਵਾ ਪਿੰਡ ਦੇ ਪ੍ਰਵਾਸੀ ਨੌਜਵਾਨਾਂ ਦੇ ਸਹਿਯੋਗ ਨਾਲ ਪੁਲ ਦੀ ਮੁਰੰਮਤ ਕਰਵਾਈ ਹੈ ਪਰ ਸਰਕਾਰ ਨੇ ਇਸ ਨੂੰ ਹਮੇਸ਼ਾ ਅਣਗੌਲਿਆ ਹੀ ਕਰੀ ਰੱਖਿਆ।
ਕੀ ਕਹਿਣਾ ਹੈ ਸਮਾਜ ਸੇਵੀ ਦਾ
ਪਿੰਡ ਵੈਰੋਕੇ ਦੇ ਉੱਘੇ ਸਮਾਜ ਸੇਵੀ ਦਰਸ਼ਨ ਸਿੰਘ ਫੌਜੀ ਨੇ ਦੱਸਿਆ ਕਿ ਪੁਲਾਂ ਦੀ ਖਸਤਾ ਹਾਲਤ ਦੇ ਸੁਧਾਰ ਲਈ ਭਾਈ ਦਰਬਾਰੀ ਦਾਸ ਟਰੱਸਟ ਵੱਲੋਂ ਹੰਭਲਾ ਮਾਰ ਕੇ ਲਧਾਈ ਅਤੇ ਮਾੜੀ ਮੁਸਤਫਾ ਪਿੰਡ ਦੇ ਸੂਇਆਂ ਦੇ ਪੁਲਾਂ ਦੀ ਮੁਰੰਮਤ ਕਰਵਾਈ ਹੈ, ਜਿਸ ਦੇ ਨਵ-ਨਿਰਮਾਣ ਲਈ ਉਹ ਵਿਭਾਗ ਨੂੰ ਆਪਣੀ ਬੇਨਤੀ ਮੁੜ ਦੁਹਰਾਉਂਦੇ ਹਨ।
ਕੀ ਕਹਿਣਾ ਹੈ ਵਿਦਿਆਰਥੀ ਨੇਤਾ ਦਾ
ਵਿਦਿਆਰਥੀ ਆਗੂ ਗੁਰਮੀਤ ਸਿੰਘ ਵੈਰੋਕੇ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਪੁਲ ਅੰਗਰੇਜ਼ ਹਕੂਮਤ ਵੇਲੇ ਦਾ ਬਣਿਆ ਹੋਇਆ ਹੈ ਜੋ ਹੁਣ ਆਖਰੀ ਸਾਹਾਂ 'ਤੇ ਹੀ ਹੈ ਪਰ ਸਬੰਧਤ ਵਿਭਾਗ ਇਸ ਦੇ ਨਿਰਮਾਣ ਲਈ ਅਜੇ ਤੱਕ ਉਸਲਵੱਟੇ ਹੀ ਲੈ ਰਿਹਾ ਹੈ ਜੋ ਚਿੰਤਾ ਵਾਲੀ ਗੱਲ ਹੈ। ਅਜਿਹੇ ਪੁਲਾਂ ਦਾ ਨਵ-ਨਿਰਮਾਣ ਬਿਨਾਂ ਦੇਰੀ ਹੋਣਾ ਚਾਹੀਦਾ ਹੈ।


Related News