ਕੰਨਿਆ ਭਰੂਣ ਹੱਤਿਆ ਬਾਰੇ ਅਜੀਤ ਪਵਾਰ ਨੇ ਕਿਹਾ, ਹੋ ਸਕਦੇ ਹਨ ‘ਦ੍ਰੌਪਦੀ-ਵਰਗੇ’ ਹਾਲਾਤ
Thursday, Apr 18, 2024 - 12:30 PM (IST)
ਪੁਣੇ, (ਭਾਸ਼ਾ)- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਬੁੱਧਵਾਰ ਨੂੰ ਕਿਹਾ ਕਿ ਸੂਬੇ ਦੇ ਕੁਝ ਹਿੱਸਿਆਂ ਵਿਚ ਕੰਨਿਆ ਭਰੂਣ ਹੱਤਿਆ ਨੇ ਲਿੰਗ ਅਨੁਪਾਤ ਨੂੰ ਖਰਾਬ ਕਰ ਦਿੱਤਾ ਹੈ। ਭਵਿੱਖ ਵਿਚ ਸਾਨੂੰ ‘ਦ੍ਰੌਪਦੀ ਬਾਰੇ ਸੋਚਣਾ ਪੈ ਸਕਦਾ ਹੈ’। ਹਿੰਦੂ ਮਹਾਕਾਵਿ ‘ਮਹਾਭਾਰਤ’ ਦੀ ਮੁੱਖ ਔਰਤ ਪਾਤਰ ਦ੍ਰੌਪਦੀ ਦੇ ਪੰਜ ਪਤੀ ਸਨ।
ਪੁਣੇ ਜ਼ਿਲੇ ਦੇ ਇੰਦਾਪੁਰ ਵਿਚ ਡਾਕਟਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਵਾਰ ਨੇ ਕੁਝ ਗਾਇਨੀਕੋਲੋਜਿਸਟਾਂ ਦੀਆਂ ਸ਼ਿਕਾਇਤਾਂ ਦਾ ਹਵਾਲਾ ਦਿੱਤਾ ਕਿ ਜਣੇਪੇ ਤੋਂ ਪਹਿਲਾਂ ਦੇ ਟੈਸਟਾਂ ਵਿਚ ਲਿੰਗ ਨਿਰਧਾਰਨ ਨੂੰ ਰੋਕਣ ਦੇ ਨਾਂ ’ਤੇ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਸ਼ਿਕਾਇਤਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਪਵਾਰ ਨੇ ਕਿਹਾ ਕਿ ਭਾਵੇਂ ਪ੍ਰੇਸ਼ਾਨੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਇਹ ਵੀ ਪਤਾ ਲੱਗਾ ਹੈ ਕਿ ਹਸਪਤਾਲਾਂ ’ਚ ਗੈਰ-ਕਾਨੂੰਨੀ ਚੀਜ਼ਾਂ ਹੁੰਦੀਆਂ ਹਨ।
ਉਪ ਮੁੱਖ ਮੰਤਰੀ ਨੇ ਕਿਹਾ, ‘ਤੁਸੀਂ ਬੀਡ ਦੀ ਸਥਿਤੀ ਜਾਣਦੇ ਹੋ (ਜਿੱਥੇ ਕੁਝ ਡਾਕਟਰਾਂ ਨੂੰ ਗੈਰ-ਕਾਨੂੰਨੀ ਗਰਭਪਾਤ ਰੈਕੇਟ ਚਲਾਉਣ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ)। ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਕੁਝ ਜ਼ਿਲਿਆਂ ਵਿਚ ਮਰਦ-ਔਰਤ ਅਨੁਪਾਤ ਬਹੁਤ ਮਾੜਾ ਹੈ, ਹਰ 1000 ਮਰਦਾਂ ਪਿੱਛੇ 850 ਔਰਤਾਂ ਹਨ। ਚੀਜ਼ਾਂ ਮੁਸ਼ਕਲ ਹੋ ਜਾਣਗੀਆਂ। ਭਵਿੱਖ ਵਿਚ ਕਿਸੇ ਨੂੰ ਦ੍ਰੌਪਦੀ (ਇਕ ਔਰਤ ਦੇ ਕਈ ਪਤੀ ਹੋਣ ਦੇ ਸੰਦਰਭ ’ਚ) ਦੇ ਬਾਰੇ ਸੋਚਣਾ ਪੈ ਸਕਦਾ ਹੈ … ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ। ਪਵਾਰ ਨੇ ਹਾਲਾਂਕਿ ਤੁਰੰਤ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਰਾਦਾ ਦ੍ਰੌਪਦੀ ਦੀ ਉਦਾਹਰਣ ਦੇ ਕੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।