ਕੁੱਤਿਆਂ ਦਾ ਆਤੰਕ, 2 ਨੌਜਵਾਨਾਂ ''ਤੇ ਕੀਤਾ ਹਮਲਾ, ਗੰਭੀਰ ਜ਼ਖ਼ਮੀ
Tuesday, Apr 14, 2026 - 02:10 PM (IST)
ਖਰੜ (ਅਮਰਦੀਪ) : ਖਰੜ ਨੇੜਲੇ ਪਿੰਡ ਰੰਗੀਆਂ ’ਚ ਇਕ ਖ਼ਤਰਨਾਕ ਪਿੱਟਬੁਲ ਕੁੱਤੇ ਵੱਲੋਂ ਦੋ ਨੌਜਵਾਨਾਂ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਰਸ਼ ਰਾਣਾ ਤੇ ਹਰੀਸ਼ ਰਾਣਾ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਆਪਣੇ ਕੰਮ ਲਈ ਰੰਗੀਆਂ ਤੋਂ ਬਡਾਲੀ ਜਾ ਰਹੇ ਸਨ। ਇਸ ਦੌਰਾਨ ਇਕ ਪਾਲਤੂ ਪਿੱਟਬੁਲ ਕੁੱਤਾ ਉਨ੍ਹਾਂ ਦੇ ਮਗਰ ਪੈ ਗਿਆ। ਕੁੱਤੇ ਦੇ ਡਰ ਕਾਰਨ ਉਹ ਮੋਟਰਸਾਈਕਲ ਦਾ ਸੰਤੁਲਨ ਗੁਆ ਬੈਠੇ ਤੇ ਸੜਕ ’ਤੇ ਡਿੱਗ ਪਏ। ਇਸ ਦੌਰਾਨ ਕੁੱਤੇ ਨੇ ਦੋਹਾਂ ’ਤੇ ਹਮਲਾ ਕਰ ਦਿੱਤਾ ਤੇ ਲੱਤਾਂ ’ਤੇ ਦੰਦੀਆਂ ਅਤੇ ਪੰਜੇ ਮਾਰੇ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਕੁੱਤੇ ਤੋਂ ਛੁਡਵਾਇਆ। ਜ਼ਖ਼ਮੀਆਂ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਮਦਦ ਨਾ ਮਿਲਦੀ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀ।
ਘਟਨਾ ਤੋਂ ਬਾਅਦ ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਖਰੜ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਖ਼ਤਰਨਾਕ ਨਸਲਾਂ ਦੇ ਕੁੱਤੇ ਰੱਖਣ ਵਾਲੇ ਮਾਲਕਾਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਕੁੱਝ ਲੋਕ ਬੇਪਰਵਾਹੀ ਨਾਲ ਅਜਿਹੇ ਕੁੱਤਿਆਂ ਨੂੰ ਖੁੱਲ੍ਹਾ ਛੱਡ ਰਹੇ ਹਨ। ਇਸ ਨਾਲ ਆਮ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਖ਼ਤਰਨਾਕ ਕੁੱਤਿਆਂ ਨੂੰ ਕਾਬੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ।
