ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਬਰੀ ਹੋਣ 'ਤੇ ਸੁਨੀਲ ਜਾਖੜ ਦੇ ਚੁੱਕੇ ਸਵਾਲ, ਪੜ੍ਹੋ ਕੀ ਕਿਹਾ
Tuesday, Mar 31, 2026 - 11:53 AM (IST)
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ 'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਇੱਕ 'ਸਮਝੌਤੇ' ਤਹਿਤ ਬਰੀ ਹੋਣ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਜਾਖੜ ਨੇ ਕਿਹਾ ਕਿ ਭਾਵੇਂ ਵਿਧਾਇਕ ਕਾਨੂੰਨੀ ਤੌਰ 'ਤੇ ਬਰੀ ਹੋ ਗਏ ਹੋਣ, ਪਰ ਪੀੜਤਾ ਵਲੋਂ ਇਸ ਦੇ ਲਈ ਲੰਬਾ ਸੰਘਰਸ਼ ਲੜਿਆ ਗਿਆ ਹੈ। ਜਾਖੜ ਨੇ ਸਾਲ 2013 ਦੀ ਘਟਨਾ ਨੂੰ ਯਾਦ ਕਰਦਿਆਂ ਦੱਸਿਆ ਕਿ ਜਦੋਂ ਉਹ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸਨ, ਉਨ੍ਹਾਂ ਨੇ ਇਹ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਉਸ ਵੇਲੇ ਸਰਕਾਰ ਦੇ ਭਾਰੀ ਵਿਰੋਧ ਦੇ ਬਾਵਜੂਦ ਉਹ ਪੀੜਤਾ ਨੂੰ ਵਿਧਾਨ ਸਭਾ 'ਚ ਲੈ ਕੇ ਗਏ ਸਨ, ਜਿਸ ਕਾਰਨ ਸਦਨ 'ਚ ਕਾਫੀ ਹੰਗਾਮਾ ਹੋਇਆ ਅਤੇ ਉਨ੍ਹਾਂ ਦੀ ਵਿਧਾਨ ਸਭਾ ਮੈਂਬਰੀ ਰੱਦ ਕਰਨ ਲਈ ਵਿਸ਼ੇਸ਼ ਅਧਿਕਾਰ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ।
ਉਨ੍ਹਾਂ ਸਵਾਲ ਚੁੱਕਿਆ ਕਿ ਕੀ 'ਆਪ' ਸਰਕਾਰ ਤੋਂ ਕਲੀਨ ਚਿੱਟ ਲੈ ਕੇ ਘੁੰਮ ਰਹੇ ਵਿਧਾਇਕ ਅਤੇ ਮੰਤਰੀ ਨੈਤਿਕ ਤੌਰ 'ਤੇ ਆਪਣੇ ਆਪ ਨੂੰ ਪਾਕ-ਸਾਫ ਕਹਿ ਸਕਦੇ ਹਨ, ਜਦਕਿ ਪੀੜਤਾ ਨਾਲ ਖੁੱਲ੍ਹੇਆਮ ਅਨਿਆਂ ਅਤੇ ਮਾਰਕੁੱਟ ਹੋਈ ਸੀ। ਸੁਨੀਲ ਜਾਖੜ ਨੇ ਅੱਗੇ ਕਿਹਾ ਕਾਨੂੰਨ ਦੀ ਚੱਕੀ ਹੌਲੀ ਚੱਲਦੀ ਹੈ, ਪਰ ਇਹ ਪੀਸਦੀ ਬਰੀਕ ਹੈ। ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਸੰਤੋਖ ਹੈ ਕਿ ਉਹ ਪਹਿਲਾਂ ਵੀ ਪੀੜਤਾਂ, ਗਰੀਬਾਂ ਅਤੇ ਮਜ਼ਲੂਮਾਂ ਦੇ ਨਾਲ ਖੜ੍ਹੇ ਸਨ ਅਤੇ ਅੱਜ ਵੀ ਨਿਆਂ ਲਈ ਉਨ੍ਹਾਂ ਦਾ ਸਮਰਪਣ ਅਤੇ ਸੰਘਰਸ਼ ਜਾਰੀ ਹੈ।

