PGI ''ਚ ਅੰਮ੍ਰਿਤ ਫਾਰੇਮਸੀ ਆਊਟਲੈੱਟਾਂ ਦੀ ਗਿਣਤੀ ਸਭ ਤੋਂ ਵੱਧ
Tuesday, Mar 31, 2026 - 01:20 PM (IST)
ਚੰਡੀਗੜ੍ਹ (ਰੋਹਾਲ) : ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਵਹੀਲ ਡਰਾਈਵ ਦੀ ਤਰ੍ਹਾਂ ਕੰਮ ਕਰਦੇ ਹੋਏ ਇੱਥੇ ਆਉਣ ਵਾਲੇ ਮਰੀਜ਼ਾਂ ਦੀ ਭਾਰੀ ਗਿਣਤੀ ਨੂੰ ਸੰਭਾਲਣ ਅਤੇ ਬਣਾਈ ਰੱਖਣ ਵਿਚ ਸਮਰੱਥ ਬਣਿਆ ਰਿਹਾ ਹੈ, ਜਦੋਂ ਕਿ ਅਮ੍ਰਿਤ ਇਲਾਜ ਨੂੰ ਕਿਫਾਇਤੀ ਬਣਾ ਕੇ ਇਸ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ। ਉਨ੍ਹਾਂ ਇਹ ਗੱਲ ਪੀ. ਜੀ. ਆਈ ਵਿਚ 14ਵੀਂ ਅੰਮ੍ਰਿਤ (ਸਸਤੀ ਦਵਾਈਆਂ ਅਤੇ ਇਲਾਜ ਲਈ ਭਰੋਸੇਯੋਗ ਇਮਪਲਾਂਟ) ਫਾਰਮੇਸੀ ਦੇ ਉਦਘਾਟਨ ਦੌਰਾਨ ਕਹੀ। ਪੀ. ਜੀ. ਆਈ ਦੇਸ਼ ਦੀ ਇਕੱਲੀ ਅਜਿਹੀ ਸੰਸਥਾ ਹੈ, ਜਿੱਥੇ ਜਨਤਕ ਖੇਤਰ ਦੇ ਹਸਪਤਾਲ ਵਿਚ ਇੰਨੀ ਵੱਡੀ ਗਿਣਤੀ ਵਿਚ ਅੰਮ੍ਰਿਤ ਫਾਰਮੇਸੀ ਕੰਮ ਕਰ ਰਹੀ ਹੈ।
ਪੀ. ਜੀ. ਆਈ ਦੇ ਨਹਿਰੂ ਐਕਸਟੈਂਸ਼ਨ ਬਲਾਕ ਵਿਚ ਸ਼ੁਰੂ ਹੋਈ ਇਸ ਸਹੂਲਤ ਦਾ ਉਦਘਾਟਨ ਪ੍ਰੋ.ਵਿਵੇਕ ਲਾਲ ਨੇ ਡੀਨ (ਅਕਾਦਮਿਕ) ਪ੍ਰੋਫੈਸਰ ਆਰ.ਕੇ. ਰਾਠੋ, ਡੀਨ (ਰਿਸਰਚ) ਪ੍ਰੋਫੈਸਰ ਸੰਜੇ ਜੈਨ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੰਕਜ ਰਾਏ, ਵਧੀਕ ਮੈਡੀਕਲ ਸੁਪਰਡੈਂਟ ਪ੍ਰੋਫੈਸਰ ਸੰਦੀਪ ਬਾਂਸਲ, ਵਿਭਾਗਾਂ ਦੇ ਮੁਖੀਆਂ, ਫੈਕਲਟੀ ਮੈਂਬਰਾਂ, ਰੈਜ਼ੀਡੈਂਟ ਡਾਕਟਰ, ਨਰਸਿੰਗ ਅਫ਼ਸਰਾਂ ਅਤੇ ਸੰਸਥਾ ਦੇ ਬਾਕੀ ਕਰਮਚਾਰੀਆਂ ਦੀ ਮੌਜੂਦਗੀ ਵਿਚ ਕੀਤਾ ਗਿਆ। ਅੰਮ੍ਰਿਤ ਫਾਰਮੇਸੀ ਦੇ ਉਪ ਪ੍ਰਧਾਨ ਰਾਜੇਸ਼ ਨਾਇਰ ਵੀ ਆਪਣੀ ਟੀਮ ਸਮੇਤ ਇੱਥੇ ਪਹੁੰਚੇ। ਪ੍ਰੋ. ਵਿਵੇਕ ਲਾਲ ਨੇ ਅੰਮ੍ਰਿਤ ਪਹਿਲ ਨੂੰ ਮਰੀਜ਼ ਕੇਂਦਰਿਤ ਦੇਖਭਾਲ ਦਾ ਇਕ ਅਹਿਮ ਥੰਮ੍ਹ ਦੱਸਦੇ ਹੋਏ ਕਿਹਾ ਕਿ ਹਰ ਮਰੀਜ਼ ਗੁਣਵੱਤਾ ਵਾਲੇ ਅਤੇ ਕਿਫਾਇਤੀ ਇਲਾਜ ਦਾ ਹੱਕਦਾਰ ਹੈ।
ਅੰਮ੍ਰਿਤ ਰਾਹੀਂ ਅਸੀਂ ਨਾਮਵਰ ਅਤੇ ਸਟੈਂਡਰਡ ਕੰਪਨੀਆਂ ਦੀਆਂ ਦਵਾਈਆਂ ਨੂੰ ਕਾਫੀ ਕਿਫਾਇਤੀ ਦਰਾਂ ’ਤੇ ਮੁਹੱਇਆ ਕਰਵਾ ਰਹੇ ਹਾਂ। ਇਹ ਪਹਿਲ ਮਰੀਜ਼ ਦੇਖਭਾਲ ਦੀ ਰੀੜ੍ਹ ਦੀ ਹੱਡੀ ਬਣ ਚੁੱਕੀ ਹੈ। ਸੇਵਾਵਾਂ ਦੇ ਵਿਆਪਕ ਦਾਇਰੇ ਅਤੇ ਦਬਾਅ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਮਰੀਜ਼ਾਂ ਤੱਕ ਪਹੁੰਚ ਯਕੀਨੀ ਬਣਾ ਰਿਹਾ ਹੈ। ਇਹ ਯਕੀਨੀ ਬਣਾ ਰਿਹਾ ਹ ਕਿ ਆਰਥਿਕ ਰੁਕਾਵਟਾਂ ਇਲਾਜ ਵਿਚ ਰੁਕਾਵਟ ਨਾ ਬਣਨ। ਅੰਮ੍ਰਿਤ ਇਸ ਵਿਵਸਥਾ ਨੂੰ ਕਿਫਾਇਤੀ ਅਤੇ ਸੁਲਭ ਬਣ ਕੇ ਇਸ ਨੂੰ ਹੋਰ ਮਜ਼ਬੂਤ ਕਰਦਾ ਹੈ।
