ਬੇਅਦਬੀ ਖ਼ਿਲਾਫ਼ ਬਿੱਲ ਪਾਸ ਹੋਣ ਦਾ ਗਿਆਨੀ ਰਘਬੀਰ ਸਿੰਘ ਵੱਲੋਂ ਸਵਾਗਤ, ਜਾਣੋ ਕੀ ਬੋਲੇ
Monday, Apr 13, 2026 - 04:32 PM (IST)
ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਵਿਧਾਨ ਸਭਾ 'ਚ ਬੇਅਦਬੀ ਖ਼ਿਲਾਫ਼ ਪਾਸੇ ਹੋਏ ਬਿੱਲ ਬਾਰੇ ਬੋਲਦਿਆਂ ਕਿਹਾ ਕਿ ਸਮੁੱਚੇ ਸੰਤ ਸਮਾਜ ਅਤੇ ਸੰਗਤਾਂ ਦੀਆਂ ਭਾਵਨਾਵਾਂ ਮੁਤਾਬਕ ਬਿੱਲ ਪਾਸ ਹੋਇਆ ਹੈ ਅਤੇ ਉਹ ਇਸ ਬਿੱਲ ਦਾ ਭਰਵਾਂ ਸਵਾਗਤ ਕਰਦੇ ਹਨ। ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ 'ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008' ਵਿੱਚ ਕੀਤੀ ਗਈ ਅਮੈਂਡਮੈਂਟ (ਸੋਧ) ਰਾਹੀਂ ਦੋਸ਼ੀਆਂ ਲਈ ਬਹੁਤ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨਵੇਂ ਬਿੱਲ ਅਨੁਸਾਰ ਦੋਸ਼ੀ ਨੂੰ ਮਰਨ ਤੱਕ ਉਮਰਕੈਦ ਦੀ ਸਜ਼ਾ ਹੋਵੇਗੀ ਅਤੇ ਉਸ ਦੀ ਜ਼ਮਾਨਤ ਵੀ ਨਹੀਂ ਹੋ ਸਕੇਗੀ। ਇਸ ਤੋਂ ਇਲਾਵਾ ਜੁਰਮਾਨੇ ਦੀ ਰਾਕਮ ਵਧਾ ਕੇ 25 ਲੱਖ ਰੁਪਏ ਕਰ ਦਿੱਤੀ ਗਈ ਹੈ।
ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਜੇਕਰ ਕੋਈ ਬੱਚਾ ਜਾਂ ਮੰਦਬੁੱਧੀ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮ ਦਿੰਦਾ ਹੈ, ਤਾਂ ਉਸ ਦੇ ਗਾਰਡੀਅਨ (ਸਰਪ੍ਰਸਤ) ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਰਾਣੇ ਕੇਸਾਂ ਲਈ ਇਨਸਾਫ਼ ਦੀ ਮੰਗ
ਗਿਆਨੀ ਰਘਬੀਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੇ ਸਮੇਂ 'ਚ ਹੋਈਆਂ 600 ਦੇ ਕਰੀਬ ਬੇਅਦਬੀਆਂ ਦੇ ਦੋਸ਼ੀਆਂ ਨੂੰ ਵੀ ਇਸੇ ਨਵੇਂ ਅਤੇ ਸਖ਼ਤ ਕਾਨੂੰਨ ਦੇ ਤਹਿਤ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਵਲੂੰਧਰੇ ਹੋਏ ਹਿਰਦਿਆਂ ਨੂੰ ਤਾਂ ਹੀ ਸ਼ਾਂਤੀ ਮਿਲੇਗੀ ਜੇਕਰ ਪੁਰਾਣੇ ਕੇਸਾਂ ਵਿੱਚ ਵੀ ਜਲਦੀ ਤੋਂ ਜਲਦੀ ਇਨਸਾਫ਼ ਮਿਲੇ। ਉਨ੍ਹਾਂ ਸੁਖਬੀਰ ਸਿੰਘ ਬਾਦਲ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ 'ਤੇ ਗੁਨਾਹ ਕਬੂਲਣ ਤੋਂ ਬਾਅਦ ਹੁਣ ਮੁੱਕਰ ਰਹੇ ਹਨ ਅਤੇ ਇਸ ਨੂੰ ਏਜੰਸੀਆਂ ਦੀ ਸਾਜ਼ਿਸ਼ ਦੱਸ ਰਹੇ ਹਨ।
