ਬੇਰਹਿਮੀ ਨਾਲ ਕਤਲ ਕੀਤੇ ਗਏ ਕਾਂਗਰਸੀ ਆਗੂ ਦਾ ਚੌਥੇ ਦਿਨ ਹੋਇਆ ਸਸਕਾਰ, ਵੱਡੀ ਗਿਣਤੀ ਪੁੱਜੇ ਲੋਕ

Thursday, Apr 02, 2026 - 05:19 PM (IST)

ਬੇਰਹਿਮੀ ਨਾਲ ਕਤਲ ਕੀਤੇ ਗਏ ਕਾਂਗਰਸੀ ਆਗੂ ਦਾ ਚੌਥੇ ਦਿਨ ਹੋਇਆ ਸਸਕਾਰ, ਵੱਡੀ ਗਿਣਤੀ ਪੁੱਜੇ ਲੋਕ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਅੱਜ ਚੌਥੇ ਦਿਨ ਪਰਿਵਾਰ ਵਲੋਂ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਈਆਂ ਗਈਆਂ। ਅੰਤਿਮ ਸਸਕਾਰ ਮੌਕੇ ਸਿਆਸੀ ਪਾਰਟੀਆਂ ਤੋਂ ਇਲਾਵਾ ਪਿੰਡਾਂ ਦੇ ਲੋਕਾਂ ਅਤੇ ਕਾਂਗਰਸੀ ਆਗੂ ਤੇ ਵਰਕਰਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਅੱਜ ਜਦੋਂ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਮਿੰਦਰ ਤਿਵਾੜੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪੁੱਜੀ ਤਾਂ ਉੱਥੇ ਛੋਟੇ ਛੋਟੇ ਬੱਚਿਆਂ ਅਤੇ ਪਤਨੀ ਕੁਸੁਮ ਤਿਵਾੜੀ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਅਚਨਚੇਤ ਵਾਪਰੀ ਇਸ ਘਟਨਾ ਕਾਰਨ ਜਿੱਥੇ ਪਰਿਵਾਰ ਗਹਿਰੇ ਸਦਮੇ ਵਿਚ ਸੀ ਉੱਥੇ ਪਿੰਡ ਤੱਖਰਾਂ ਵਿਚ ਵੀ ਸੋਗ ਦੀ ਲਹਿਰ ਦੇਖਣ ਨੂੰ ਮਿਲੀ। ਕਾਂਗਰਸ ਪਾਰਟੀ ਵਲੋਂ ਪੁੱਜੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਜ਼ਿਲਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ, ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਐੱਮ.ਪੀ. ਅਮਰ ਸਿੰਘ ਦੇ ਸਪੁੱਤਰ ਕਾਮਲ ਬੋਪਾਰਾਏ ਨੇ ਪਾਰਟੀ ਦਾ ਝੰਡਾ ਆਪਣੇ ਜੁਝਾਰੂ ਆਗੂ ਦੀ ਮ੍ਰਿਤਕ ਦੇਹ ’ਤੇ ਚੜਾਇਆ ਅਤੇ ਉਸਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। 

ਉਕਤ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੂੰਮਕਲਾਂ ਪੁਲਸ ਵਲੋਂ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਦੋਵੇਂ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਬਾਅਦ ਹੀ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾੜੀ ਅਮਨ, ਕਾਨੂੰਨ ਦੀ ਸਥਿਤੀ ਕਾਰਨ ਸਾਡਾ ਮਿਹਨਤੀ ਤੇ ਜੁਝਾਰੂ ਵਰਕਰ ਸਾਡੇ ਤੋਂ ਸਦਾ ਲਈ ਵਿਛੜ ਗਿਆ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਉਹ ਪਾਰਟੀ ਆਗੂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਕਾਨੂੰਨੀ ਲੜਾਈ ਲੜਨਗੇ। ਸਮਸ਼ਾਨ ਘਾਟ ਵਿਚ ਛੋਟੇ ਬੱਚੇ ਦਕਸ਼ ਤਿਵਾੜੀ ਤੇ ਅਭੀਵੰਸ਼ ਤਿਵਾੜੀ ਨੇ ਆਪਣੇ ਪਿਤਾ ਦੀ ਚਿਖ਼ਾ ਨੂੰ ਅਗਨੀ ਦਿਖਾਈ।


author

Gurminder Singh

Content Editor

Related News