2.5 ਲੱਖ ਦੀ ਹੈਰੋਇਨ ਤੇ 4 ਲੱਖ ਦੀ ਨਕਦੀ ਸਮੇਤ 2 ਕਾਬੂ, ਇਕ ਨਾਈਜੀਰੀਅਨ
Wednesday, Aug 02, 2017 - 07:51 AM (IST)
ਮੋਹਾਲੀ (ਰਾਣਾ) - ਮੋਹਾਲੀ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਟੀਮ ਦੇ ਐੱਸ. ਆਈ. ਸੁਰਿੰਦਰ ਕੁਮਾਰ ਦੀ ਅਗਵਾਈ 'ਚ ਪੁਲਸ ਨੇ ਦੋ ਮੁਲਜ਼ਮਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਖਿਲਾਫ ਐੱਸ. ਟੀ. ਐੱਫ. ਥਾਣਾ ਫੇਜ਼-4 'ਚ ਐੱਨ. ਡੀ. ਪੀ. ਐੱਸ. ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ। ਇਕ ਮੁਲਜ਼ਮ ਪਿੰਡ ਨੂਰਖੇੜੀਆਂ ਥਾਣਾ ਸਦਰ ਪਟਿਆਲਾ ਨਿਵਾਸੀ ਨਰਿੰਦਰ ਸਿੰਘ ਉਰਫ ਬਾਠ ਹੈ ਤੇ ਦੂਜਾ ਨਾਈਜੀਰੀਅਨ ਅਬੂ ਹੈਨਰੀ ਉਥ ਉਰਫ ਕੈਵਿਨ ਹੈ। ਮੁਲਜ਼ਮਾਂ ਨੂੰ ਪੇਸ਼ੀ ਤੋਂ ਬਾਅਦ ਇਕ ਦਿਨਾ ਪੁਲਸ ਰਿਮਾਡ 'ਤੇ ਭੇਜ ਦਿੱਤਾ ਗਿਆ।
ਐੱਸ. ਟੀ. ਐੱਫ. ਰੋਪੜ ਰੇਂਜ ਦੇ ਏ. ਆਈ. ਜੀ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੋਗਨਵਿਲੀਆ ਪਾਰਕ ਫੇਜ਼-4 ਦੇ ਬੱਸ ਸਟਾਪ ਕੋਲ ਪੰਜਾਬ ਨੰਬਰ ਦੀ ਫਾਰਚੂਨਰ ਕਾਰ 'ਚ ਇਕ ਨਾਈਜੀਰੀਅਨ ਤੇ ਇਕ ਹੋਰ ਵਿਅਕਤੀ ਹੈਰੋਇਨ ਸਪਲਾਈ ਕਰਨ ਵਾਲੇ ਹਨ, ਜਿਵੇਂ ਹੀ ਕਾਰ ਪਹੁੰਚੀ ਤਾਂ ਪੁਲਸ ਟੀਮ ਨੇ ਉਸਦੀ ਤਲਾਸ਼ੀ ਦੌਰਾਨ 550 ਗ੍ਰਾਮ ਹੈਰੋਇਨ ਤੇ 4 ਲੱਖ ਰੁਪਏ ਬਰਾਮਦ ਕੀਤੇ।
ਦਿੱਲੀ ਤੋਂ ਲਿਆ ਕੇ ਵੇਚਦੇ ਸਨ ਹੈਰੋਇਨ
ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਮੁਲਜ਼ਮ ਅਬੂ ਹੈਨਰੀ ਦਿੱਲੀ ਤੋਂ ਹੈਰੋਇਨ ਖਰੀਦ ਕੇ ਲਿਆਉਂਦਾ ਸੀ ਤੇ ਫਿਰ ਅੱਗੇ ਸਪਲਾਈ ਕਰਨ ਲਈ ਸਾਥੀ ਨਰਿੰਦਰ ਨੂੰ ਦਿੰਦਾ ਸੀ। ਨਰਿੰਦਰ ਇਸਦੀ ਟ੍ਰਾਈਸਿਟੀ 'ਚ ਸਪਲਾਈ ਕਰਦਾ ਸੀ। ਏ. ਆਈ. ਜੀ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਪੁਲਸ ਰਿਮਾਂਡ 'ਚ ਸਖਤ ਪੁੱਛਗਿੱਛ ਕੀਤੀ ਜਾਵੇਗੀ। ਨਰਿੰਦਰ ਖਿਲਾਫ ਪਹਿਲਾਂ ਵੀ 5 ਅਪਰਾਧਿਕ ਕੇਸ ਮੋਹਾਲੀ, ਧੂਰੀ ਤੇ ਪਟਿਆਲਾ ਜ਼ਿਲੇ 'ਚ ਦਰਜ ਹਨ।
