ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ’ਚ ਅਣਰਾਖਵੀਆਂ ਟਿਕਟਾਂ ਲਈ 4 ਕਾਊਂਟਰ ਖੁੱਲ੍ਹੇ

Monday, Jan 19, 2026 - 01:56 PM (IST)

ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ’ਚ ਅਣਰਾਖਵੀਆਂ ਟਿਕਟਾਂ ਲਈ 4 ਕਾਊਂਟਰ ਖੁੱਲ੍ਹੇ

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਬਣ ਰਹੀ ਨਵੀਂ ਇਮਾਰਤ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਇਸ ਵੇਲੇ ਫਿਨੀਸ਼ਿੰਗ ਦਾ ਕੰਮ ਚੱਲ ਰਿਹਾ ਹੈ। ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਨਵੀਂ ਇਮਾਰਤ ’ਚ ਅਣਰਾਖਵੀਆਂ ਟਿਕਟਾਂ ਲਈ ਕਾਊਂਟਰ ਖੋਲ੍ਹ ਦਿੱਤੇ ਗਏ ਹਨ। ਚੰਡੀਗੜ੍ਹ ਤੇ ਪੰਚਕੂਲਾ ਵਾਲੇ ਪਾਸੇ ਬਣੇ ਕੁੱਲ 14 ਅਣਰਾਖਵੇਂ ਟਿਕਟ ਕਾਊਂਟਰਾਂ ’ਚੋਂ 4 ਕਾਊਂਟਰ ਸ਼ੁਰੂ ਕਰ ਦਿੱਤੇ ਗਏ ਹਨ। ਰੇਲਵੇ ਅਧਿਕਾਰੀਆਂ ਅਨੁਸਾਰ ਉਮੀਦ ਹੈ ਕਿ ਫਰਵਰੀ ਮਹੀਨੇ ਤੱਕ ਸਾਰੇ ਅਣਰਾਖਵੇਂ ਟਿਕਟ ਕਾਊਂਟਰ ਚਾਲੂ ਕਰ ਦਿੱਤੇ ਜਾਣਗੇ। ਨਵੀਂ ਵਿਵਸਥਾ ਨਾਲ ਯਾਤਰੀਆਂ ਨੂੰ ਅਣਰਾਖਵੀਆਂ ਟਿਕਟਾਂ ਲਈ ਲੰਬੀਆਂ ਕਤਾਰਾਂ ’ਚ ਖੜ੍ਹੇ ਹੋਣ ਤੋਂ ਰਾਹਤ ਮਿਲੇਗੀ। ਖ਼ਾਸ ਕਰ ਤਿਉਹਾਰਾਂ ਤੇ ਸਕੂਲਾਂ ਦੀਆਂ ਛੁੱਟੀਆਂ ਦੌਰਾਨ, ਜਦੋਂ ਟਿਕਟ ਕਾਊਂਟਰਾਂ ’ਤੇ ਭਾਰੀ ਭੀੜ ਹੋ ਜਾਂਦੀ ਹੈ, ਇਹ ਸਹੂਲਤ ਕਾਫੀ ਲਾਭਕਾਰੀ ਸਾਬਤ ਹੋਵੇਗੀ।
ਦਿਵਿਆਂਗ ਤੇ ਔਰਤਾਂ ਲਈ ਵੱਖਰੇ ਟਿਕਟ ਕਾਊਂਟਰ ਜਲਦ ਹੋਣਗੇ ਸ਼ੁਰੂ
ਆਮ ਯਾਤਰੀਆਂ ਦੇ ਨਾਲ-ਨਾਲ ਔਰਤਾਂ ਤੇ ਦਿਵਿਆਂਗ ਯਾਤਰੀਆਂ ਲਈ ਵੀ ਨਵੀਂ ਇਮਾਰਤ ’ਚ ਵੱਖਰੇ ਅਣਰਾਖਵੇਂ ਟਿਕਟ ਕਾਊਂਟਰ ਬਣਾਏ ਗਏ ਹਨ। ਅਧਿਕਾਰੀਆਂ ਮੁਤਾਬਕ ਚੰਡੀਗੜ੍ਹ ਤੇ ਪੰਚਕੂਲਾ ਦੋਵੇਂ ਪਾਸਿਆਂ ’ਤੇ ਇਕ-ਇਕ ਦਿਵਿਆਂਗ ਤੇ ਔਰਤਾਂ ਲਈ ਵੱਖਰਾ ਟਿਕਟ ਕਾਊਂਟਰ ਤਿਆਰ ਹੈ, ਜੋ ਜਲਦੀ ਹੀ ਖੋਲ੍ਹ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੋਵੇਂ ਪਾਸਿਆਂ ’ਤੇ 6-6 ਅਣਰਾਖਵੇਂ ਟਿਕਟ ਕਾਊਂਟਰ ਆਮ ਯਾਤਰੀਆਂ ਲਈ ਬਣਾਏ ਗਏ ਹਨ, ਜਿਨ੍ਹਾਂ ’ਚੋਂ ਚੰਡੀਗੜ੍ਹ ਵਾਲੇ ਪਾਸੇ ਦੋ ਅਤੇ ਪੰਚਕੂਲਾ ਵਾਲੇ ਪਾਸੇ ਦੋ ਕਾਊਂਟਰਾਂ ਤੋਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ। ਬਾਕੀ ਬੰਦ ਕਾਊਂਟਰ ਵੀ ਜਲਦੀ ਹੀ ਯਾਤਰੀਆਂ ਲਈ ਖੋਲ੍ਹ ਦਿੱਤੇ ਜਾਣਗੇ।
ਕਿਊ. ਆਰ. ਕੋਡ ਰਾਹੀਂ ਵੀ ਵੱਧ ਰਹੀ ਹੈ ਟਿਕਟਾਂ ਦੀ ਖ਼ਰੀਦ
ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਸਹੂਲਤ ਲਈ ਕਿਊ. ਆਰ. ਕੋਡ ਰਾਹੀਂ ਅਣਰਾਖਵੀਆਂ ਟਿਕਟਾਂ ਖ਼ਰੀਦਣ ਦੀ ਸਹੂਲਤ ਵੀ ਉਪਲੱਬਧ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਲਗਭਗ 20 ਫ਼ੀਸਦੀ ਯਾਤਰੀ ਕਿਊ. ਆਰ. ਕੋਡ ਰਾਹੀਂ ਆਨਲਾਈਨ ਅਣਰਾਖਵੀਆਂ ਟਿਕਟਾਂ ਲੈ ਰਹੇ ਹਨ। ਇਨ੍ਹਾਂ ’ਚ ਜ਼ਿਆਦਾਤਰ ਉਹ ਯਾਤਰੀ ਸ਼ਾਮਲ ਹਨ, ਜੋ ਕੰਮਕਾਜ ਜਾਂ ਹੋਰ ਜ਼ਰੂਰੀ ਕੰਮਾਂ ਲਈ ਰੋਜ਼ਾਨਾ ਰੇਲ ਰਾਹੀਂ ਚੰਡੀਗੜ੍ਹ ਆਉਂਦੇ ਹਨ।
 


author

Babita

Content Editor

Related News