ਚੰਡੀਗੜ੍ਹ ''ਚ ਇਕ ਕਿੱਲੋ ਸੋਨੇ ਸਣੇ 1.42 ਕਰੋੜ ਦੀ ਨਕਦੀ ਜ਼ਬਤ
Monday, Jan 19, 2026 - 11:20 AM (IST)
ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਨੇ ਨਾਕੇਬੰਦੀ ਦੌਰਾਨ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਤੋਂ ਅੰਬਾਲਾ ਜਾ ਰਹੀ ਇਕ ਹੌਂਡਾ ਅਮੇਜ਼ ਕਾਰ ’ਚੋਂ 1 ਕਿੱਲੋ 214 ਗ੍ਰਾਮ ਸੋਨਾ ਅਤੇ 1 ਕਰੋੜ 42 ਲੱਖ ਰੁਪਏ ਨਕਦ ਬਰਾਮਦ ਕਰਕੇ ਜ਼ਬਤ ਕੀਤੇ ਹਨ। ਇਹ ਕਾਰਵਾਈ ਕਾਲੋਨੀ ਨੰਬਰ-4 ਲਾਈਟ ਪੁਆਇੰਟ ਨੇੜੇ ਕੀਤੀ ਗਈ। ਪੁਲਸ ਨੇ ਕਾਰ ਸਮੇਤ ਸੋਨਾ ਅਤੇ ਨਕਦੀ ਜ਼ਬਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਕਾਰ ’ਚ ਅੰਬਾਲਾ ਵਾਸੀ ਜਗਮੋਹਨ ਜੈਨ ਅਤੇ ਡਰਾਈਵਰ ਮੋਹਨ ਸਿੰਘ ਸਵਾਰ ਸਨ। ਜਾਂਚ ਦੌਰਾਨ ਜਦੋਂ ਪੁਲਸ ਨੇ ਸੋਨੇ ਤੇ ਨਕਦੀ ਸਬੰਧੀ ਦਸਤਾਵੇਜ਼ ਜਾਂ ਬਿੱਲ ਮੰਗੇ ਤਾਂ ਦੋਵੇਂ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕੇ ਤੇ ਨਾ ਹੀ ਕੋਈ ਦਸਤਾਵੇਜ਼ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ : ਲਗਜ਼ਰੀ BMW ਸੜਕ 'ਤੇ ਬਣੀ ਅੱਗ ਦਾ ਗੋਲਾ, ਵਿੱਚ ਬੈਠੇ ਮੁੰਡੇ-ਕੁੜੀ ਨੇ ਛਾਲ ਮਾਰ ਬਚਾਈ ਜਾਨ
26 ਜਨਵਰੀ ਦੇ ਮੱਦੇਨਜ਼ਰ ਕੀਤੀ ਗਈ ਸੀ ਨਾਕੇਬੰਦੀ
ਇੰਡਸਟਰੀਅਲ ਏਰੀਆ ਥਾਣਾ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਵੱਲੋਂ 26 ਜਨਵਰੀ ਦੇ ਮੱਦੇਨਜ਼ਰ ਸੁਰੱਖਿਆ ਸਬੰਧੀ ਕਾਲੋਨੀ ਨੰਬਰ-4 ਨੇੜੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਇਕ ਕਾਲੇ ਰੰਗ ਦੀ ਹੌਂਡਾ ਅਮੇਜ਼ ਕਾਰ ਨੂੰ ਰੋਕ ਕੇ ਜਾਂਚ ਕੀਤੀ ਗਈ। ਜਾਂਚ ਦੌਰਾਨ ਪੁਲਸ ਨੂੰ ਇਕ ਬੈਗ ’ਚੋਂ 1.42 ਕਰੋੜ ਰੁਪਏ ਨਕਦ ਤੇ ਦੂਜੇ ਬੈਗ ’ਚੋਂ 1 ਕਿੱਲੋ 214 ਗ੍ਰਾਮ ਸੋਨੇ ਦੇ ਬਿਸਕੁਟ ਮਿਲੇ। ਸੂਚਨਾ ਮਿਲਣ ’ਤੇ ਥਾਣਾ ਇੰਚਾਰਜ ਖ਼ੁਦ ਮੌਕੇ ’ਤੇ ਪੁੱਜੇ ਤੇ ਬਰਾਮਦਗੀ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ : ਸੇਵਾਮੁਕਤ ਮੁਲਾਜ਼ਮਾਂ ਨੂੰ ਵੱਡੀ ਰਾਹਤ, ਕੈਟ ਨੇ ਇਹ ਭੱਤਾ ਦੇਣ ਦੇ ਜਾਰੀ ਕੀਤੇ ਹੁਕਮ, ਹਰ ਮੁਲਾਜ਼ਮ ਨੂੰ ...
ਆਮਦਨ ਕਰ ਵਿਭਾਗ ਨੂੰ ਕੀਤਾ ਸੂਚਿਤ, ਹਵਾਲਾ ਜਾਂ ਟੈਕਸ ਚੋਰੀ ਦੀ ਸੰਭਾਵਨਾ
ਪੁਲਸ ਦੋਹਾਂ ਵਿਅਕਤੀਆਂ ਨੂੰ ਇੰਡਸਟਰੀਅਲ ਏਰੀਆ ਪੁਲਸ ਸਟੇਸ਼ਨ ਲੈ ਗਈ, ਜਿੱਥੇ ਪੁੱਛਗਿੱਛ ਜਾਰੀ ਹੈ। ਅਧਿਕਾਰੀਆਂ ਅਨੁਸਾਰ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਬਰਾਮਦ ਕੀਤਾ ਗਿਆ ਸੋਨਾ ਅਤੇ ਨਕਦੀ ਕਿੱਥੋਂ ਲਿਆਂਦੇ ਗਏ ਸਨ ਅਤੇ ਕਿੱਥੇ ਲਿਜਾਏ ਜਾ ਰਹੇ ਸਨ। ਮਾਮਲੇ ’ਚ ਹਵਾਲਾ, ਟੈਕਸ ਚੋਰੀ ਜਾਂ ਹੋਰ ਗ਼ੈਰ-ਕਾਨੂੰਨੀ ਲੈਣ-ਦੇਣ ਨਾਲ ਜੁੜੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਪੁਲਸ ਨੇ ਮਾਮਲੇ ਦੀ ਜਾਣਕਾਰੀ ਆਮਦਨ ਕਰ ਵਿਭਾਗ ਨੂੰ ਵੀ ਦੇ ਦਿੱਤੀ ਹੈ। ਦਸਤਾਵੇਜ਼ਾਂ ਤੇ ਵਿੱਤੀ ਲੈਣ-ਦੇਣ ਦੀ ਜਾਂਚ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲੋੜ ਪੈਣ ’ਤੇ ਹੋਰ ਜਾਂਚ ਏਜੰਸੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
