ਦੋ ਦਿਨ ਪਹਿਲਾਂ ਵਿਆਹੀ ਨੇ ਸ਼ੱਕੀ ਹਾਲਾਤ ਵਿਚ ਫਾਹ ਲਾ ਕੇ ਕੀਤੀ ਖੁਦਕੁਸ਼ੀ
Tuesday, Dec 10, 2024 - 03:06 AM (IST)
ਲੁਧਿਆਣਾ (ਰਾਜ) – ਦੋ ਦਿਨ ਪਹਿਲਾਂ ਹੋਏ ਵਿਆਹ ਤੋਂ ਬਾਅਦ ਨਵਵਿਆਹੁਤਾ ਦੁਲਹਨ ਨੇ ਸਹੁਰੇ ਘਰ ਵਿਚ ਸ਼ੱਕੀ ਹਾਲਾਤ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਸ਼ਿੰਗਾਰ ਸਿਨੇਮਾ ਰੋਡ ਸਥਿਤ ਧਰਮਪੁਰਾ ਦੀ ਰਹਿਣ ਵਾਲੀ ਸੀ। ਘਟਨਾ ਦਾ ਪਤਾ ਲੱਗਣ ’ਤੇ ਲੜਕੇ ਵਾਲਿਆਂ ਨੇ ਲੜਕੀ ਦੇ ਘਰ ਕਾਲ ਕਰ ਕੇ ਬੁਲਾਇਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਕਿਸੇ ਤਰ੍ਹਾਂ ਕਮਰੇ ਦਾ ਜਿੰਦਾ ਤੋੜ ਕੇ ਲਾਸ਼ ਨੂੰ ਥੱਲੇ ਉਤਾਰਿਆ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ।
ਜਾਣਕਾਰੀ ਦਿੰਦੇ ਲੜਕੇ ਦੇ ਚਾਚਾ ਵਿਕਾਸ ਵਰਮਾ ਨੇ ਦੱਸਿਆ ਕਿ ਉਸ ਦੇ ਭਤੀਜੇ ਦਾ 7 ਸਤੰਬਰ ਨੂੰ ਆਰਤੀ ਦੇ ਨਾਲ ਵਿਆਹ ਹੋਇਆ ਸੀ। ਅੱਜ ਲੜਕੀ ਆਪਣੇ ਪੇਕੇ ਘਰ ਲੜਕੇ ਦੇ ਨਾਲ ਫੇਰਾ ਪਾਉਣ ਲਈ ਗਈ ਹੋਈ ਸੀ। ਜਿਥੇ ਉਸ ਨੇ ਆਪਣੀ ਮਾਂ ਦੇ ਨਾਲ ਮਾਰਕੀਟ ਜਾ ਕੇ ਸ਼ਾਪਿੰਗ ਵੀ ਕੀਤੀ। ਇਸ ਤੋਂ ਬਾਅਦ ਸ਼ਾਮ ਕਰੀਬ 6 ਵਜੇ ਲੜਕੀ ਆਪਣੇ ਸਹੁਰੇ ਘਰ ਪੁੱਜੀ।
ਚਾਚਾ ਵਿਕਾਸ ਦਾ ਕਹਿਣਾ ਹੈ ਕਿ ਲੜਕੀ ਘਰ ਪੁੱਜ ਕੇ ਕੱਪੜੇ ਬਦਲਣ ਲਈ ਆਪਣੇ ਕਮਰੇ ਵਿਚ ਗਈ ਸੀ। ਇਸੇ ਦੌਰਾਨ ਉਸ ਦਾ ਭਤੀਜਾ ਸਾਮਾਨ ਲੈਣ ਲਈ ਮਾਰਕੀਟ ਚਲਾ ਗਿਆ। ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਇੰਨੀ ਦੇਰ ਬਾਅਦ ਵੀ ਆਰਤੀ ਬਾਹਰ ਨਹੀਂ ਆਈ। ਉਸ ਨੇ ਜਾ ਕੇ ਗੇਟ ਖੜਕਾਇਆ ਤਾਂ ਗੇਟ ਅੰਦਰੋਂ ਬੰਦ ਸੀ। ਇਸ ਤੋਂ ਬਾਅਦ ਉਸ ਨੇ ਲੜਕੇ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਬਾਕੀ ਰਿਸ਼ਤੇਦਾਰਾਂ ਨੂੰ ਵੀ ਬੁਲਾ ਲਿਆ।
ਜਦੋਂ ਉਨ੍ਹਾਂ ਨੇ ਰੌਸ਼ਨਦਾਨ ਦੇ ਅੰਦਰੋਂ ਦੇਖਿਆ ਤਾਂ ਲੜਕੀ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੋਈ ਸੀ। ਉਨ੍ਹਾਂ ਨੇ ਕਿਸੇ ਤਰ੍ਹਾਂ ਗੇਟ ਤੋੜਿਆ ਅਤੇ ਲੜਕੀ ਨੂੰ ਥੱਲੇ ਉਤਾਰਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਜਾਂਚ ਅਧਿਕਾਰੀ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਕਮਰੇ ਵਿਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਅਤੇ ਨਾ ਹੀ ਕਾਰਨ ਦਾ ਪਤਾ ਲਗ ਸਕਿਆ ਹੈ ਕਿ ਲੜਕੀ ਨੇ ਖੁਦਕੁਸ਼ੀ ਕਿਉਂ ਕੀਤੀ। ਉਨ੍ਹਾਂ ਕਿਹਾ ਕਿ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਪੁਲਸ ਜਾਂਚ ਕਰ ਰਹੀ ਹੈ।