ਚੰਡੀਗੜ੍ਹ ਹਵਾਈ ਅੱਡੇ ਤੋਂ ਨੋਇਡਾ ਲਈ ਨਵੀਂ ਉਡਾਣ ਇਕ ਜੁਲਾਈ ਤੋਂ ਸ਼ੁਰੂ
Saturday, May 09, 2026 - 01:07 PM (IST)
ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਤੋਂ 1 ਜੁਲਾਈ ਤੋਂ ਨੋਇਡਾ ਲਈ ਨਵੀਂ ਉਡਾਣ ਸ਼ੁਰੂ ਹੋਵੇਗੀ। ਚੰਡੀਗੜ੍ਹ ਤੋਂ ਦਿੱਲੀ-ਐੱਨ.ਸੀ.ਆਰ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚਕਾਰ ਹਵਾਈ ਸੰਪਰਕ ਨੂੰ ਵੱਡਾ ਹੁਲਾਰਾ ਮਿਲਣ ਜਾ ਰਿਹਾ ਹੈ। ਇੰਡੀਗੋ ਏਅਰਲਾਈਨਜ਼ ਨੇ ਦੱਸਿਆ ਕਿ 15 ਜੂਨ ਤੋਂ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ (ਜੇਵਰ ਹਵਾਈ ਅੱਡਾ) ਤੋਂ ਉਡਾਣ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ। ਇਸ ਨਵੀਂ ਸ਼ੁਰੂਆਤ ਤਹਿਤ, ਚੰਡੀਗੜ੍ਹ ਵੀ ਉਨ੍ਹਾਂ ਪ੍ਰਮੁੱਖ ਸ਼ਹਿਰਾਂ ਵਿਚ ਸ਼ਾਮਲ ਹੈ, ਜਿਸ ਨੂੰ ਸਿੱਧੇ ਨੋਇਡਾ ਹਵਾਈ ਅੱਡੇ ਨਾਲ ਜੋੜਿਆ ਜਾਵੇਗਾ।
ਚੰਡੀਗੜ੍ਹ ਅਤੇ ਨੋਇਡਾ ਵਿਚਕਾਰ ਰੋਜ਼ਾਨਾ ਦੋ ਸਿੱਧੀਆਂ ਉਡਾਣਾਂ ਚੱਲਣਗੀਆਂ। ਇਹ ਟ੍ਰਾਈਸਿਟੀ ਦੇ ਨਿਵਾਸੀਆਂ ਲਈ ਲਾਭਦਾਇਕ ਹੋਵੇਗਾ, ਕਿਉਂਕਿ ਪਹਿਲਾਂ ਦਿੱਲੀ ਉਤਰਕੇ ਬੱਸ ਜਾਂ ਟੈਕਸੀ ਰਾਹੀਂ ਨੋਇਡਾ ਜਾਣਾ ਪੈਦਾ ਸੀ। ਹੁਣ ਸਿੱਧੀਆਂ ਉਡਾਣਾਂ ਸਮਾਂ ਬਚਾਉਣਗੀਆਂ ਅਤੇ ਰੁਜ਼ਗਾਰ ਵਧੇਗਾ। ਪਹਿਲੀ ਉਡਾਣ ਨੋਇਡਾ ਤੋਂ ਸਵੇਰੇ 6:15 ਵਜੇ ਰਵਾਨਾ ਹੋ ਕੇ 7:20 ਵਜੇ ਚੰਡੀਗੜ੍ਹ ਪਹੁੰਚੇਗੀ। ਵਾਪਸੀ ਉਡਾਣ ਚੰਡੀਗੜ੍ਹ ਤੋਂ ਸਵੇਰੇ 7:40 ਵਜੇ ਰਵਾਨਾ ਹੋਵੇਗੀ ਅਤੇ 8:45 ਵਜੇ ਨੋਇਡਾ ਪਹੁੰਚੇਗੀ।
ਦੂਜੀ ਉਡਾਣ ਨੋਇਡਾ ਤੋਂ ਸ਼ਾਮ 6:30 ਵਜੇ ਰਵਾਨਾ ਹੋ ਕੇ 7:35 ਵਜੇ ਚੰਡੀਗੜ੍ਹ ਪਹੁੰਚੇਗੀ। ਵਾਪਸੀ ਵਿਚ ਚੰਡੀਗੜ੍ਹ ਤੋਂ ਸ਼ਾਮ 7:55 ਵਜੇ ਰਵਾਨਾ ਹੋ ਕੇ 9 ਵਜੇ ਨੋਇਡਾ ਪਹੁੰਚੇਗੀ। ਏਵੀਏਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਨਵੀਆਂ ਉਡਾਣਾਂ ਨਾਲ ਚੰਡੀਗੜ੍ਹ ਦੇ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ਦਾ ਇੱਕ ਨਵਾਂ ਵਿਕਲਪ ਮਿਲੇਗਾ, ਖਾਸ ਕਰਕੇ ਉਨ੍ਹਾਂ ਯਾਤਰੀਆਂ ਨੂੰ ਜੋ ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਖੇਤਰਾਂ ਦੀ ਯਾਤਰਾ ਕਰਦੇ ਹਨ। ਇਸ ਨਾਲ ਸੜਕੀ ਆਵਾਜਾਈ ''ਤੇ ਨਿਰਭਰਤਾ ਘੱਟ ਹੋਣ ਅਤੇ ਯਾਤਰਾ ਸਮੇਂ ਵਿਚ ਰਾਹਤ ਮਿਲਣ ਦੀ ਉਮੀਦ ਹੈ।
