PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

Wednesday, Jul 22, 2026 - 12:58 PM (IST)

PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਚੰਡੀਗੜ੍ਹ (ਸ਼ੀਨਾ) : ਪੀ. ਜੀ. ਆਈ. ਚੰਡੀਗੜ੍ਹ ’ਚ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਲਈ ਵਰਤੀ ਜਾਣ ਵਾਲੀ ਡੈਕਸਾ ਸਕੈਨ ਮਸ਼ੀਨ ਕਰੀਬ ਇਕ ਮਹੀਨੇ ਤੋਂ ਬੰਦ ਪਈ ਹੈ। ਜਾਣਕਾਰੀ ਅਨੁਸਾਰ 7 ਜੁਲਾਈ ਤੋਂ ਇਹ ਸੇਵਾ ਪ੍ਰਭਾਵਿਤ ਹੈ। ਮਸ਼ੀਨ ਵਾਲੇ ਕਮਰੇ ਦੇ ਬਾਹਰ ਸੂਚਨਾ ਤਾਂ ਲਾਈ ਗਈ ਹੈ ਪਰ ਇਸ ’ਚ ਇਹ ਨਹੀਂ ਦੱਸਿਆ ਗਿਆ ਕਿ ਹੱਡੀਆਂ ਦੀ ਜਾਂਚ ਦੀ ਸਹੂਲਤ ਅਸਥਾਈ ਤੌਰ 'ਤੇ ਕਿਸੇ ਹੋਰ ਥਾਂ ਉਪਲੱਬਧ ਹੈ ਜਾਂ ਨਹੀਂ। ਇਸ ਕਾਰਨ ਜਾਂਚ ਕਰਵਾਉਣ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮਰੀਜ਼ਾਂ ਨੂੰ ਪਹਿਲਾਂ ਹੀ ਜਾਂਚ ਲਈ ਸਮਾਂ ਦਿੱਤਾ ਗਿਆ ਸੀ ਪਰ ਮਸ਼ੀਨ ਬੰਦ ਹੋਣ ਕਾਰਨ ਉਨ੍ਹਾਂ ਦੀ ਜਾਂਚ ਨਹੀਂ ਹੋ ਸਕੀ। ਇਸ ਕਾਰਨ ਕਈ ਮਰੀਜ਼ਾਂ ਦੀਆਂ ਸਮਾਂ-ਸੂਚੀਆਂ ਲਗਾਤਾਰ ਅੱਗੇ ਪਾਈਆਂ ਜਾ ਰਹੀਆਂ ਹਨ। ਕਈ ਮਰੀਜ਼ ਨਵੀਂ ਤਾਰੀਖ਼ ਦੀ ਉਡੀਕ ਕਰ ਰਹੇ ਹਨ, ਜਦੋਂ ਕਿ ਕਈਆਂ ਨੂੰ ਵਾਰ-ਵਾਰ ਪੀ. ਜੀ. ਆਈ. ਦੇ ਚੱਕਰ ਕੱਟਣੇ ਪੈ ਰਹੇ ਹਨ।

ਕੁੱਝ ਮਰੀਜ਼ ਮਜਬੂਰੀ ਵੱਸ ਨਿੱਜੀ ਕੇਂਦਰਾਂ ਤੋਂ ਜਾਂਚ ਕਰਵਾਉਣ ਲਈ ਮਜਬੂਰ ਹੋ ਰਹੇ ਹਨ। ਹੱਡੀਆਂ ਦੇ ਵਿਭਾਗ ਦੇ ਕਰਮਚਾਰੀਆਂ ਅਨੁਸਾਰ ਜਿਸ ਕਮਰੇ ’ਚ ਇਹ ਮਸ਼ੀਨ ਲੱਗੀ ਹੋਈ ਹੈ, ਉੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਹਾਲਾਂਕਿ ਮਸ਼ੀਨ ਮੁੜ ਕਦੋਂ ਚਾਲੂ ਹੋਵੇਗੀ, ਇਸ ਬਾਰੇ ਕੋਈ ਨਿਸ਼ਚਿਤ ਸਮਾਂ ਨਹੀਂ ਦੱਸਿਆ ਗਿਆ। ਪੀ. ਜੀ. ਆਈ. ਦੇ ਹੋਰ ਵਿਭਾਗਾਂ ’ਚ ਵੀ ਮੁਰੰਮਤ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ ਪਰ ਹੱਡੀਆਂ ਦੀ ਜਾਂਚ ਕਰਵਾਉਣ ਵਾਲੇ ਮਰੀਜ਼ਾਂ ਲਈ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ। ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਕਮਰੇ ਦੀ ਮੁਰੰਮਤ ਚੱਲ ਰਹੀ ਹੈ ਤਾਂ ਮਸ਼ੀਨ ਨੂੰ ਅਸਥਾਈ ਤੌਰ 'ਤੇ ਕਿਸੇ ਹੋਰ ਥਾਂ ਲਗਾ ਕੇ ਜਾਂਚ ਸੇਵਾ ਜਾਰੀ ਰੱਖੀ ਜਾਵੇ। ਇਸ ਨਾਲ ਲੰਬਿਤ ਸਮਾਂ-ਸੂਚੀਆਂ ਦਾ ਨਿਪਟਾਰਾ ਹੋਵੇਗਾ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਜਾਂਚ ਦੀ ਸਹੂਲਤ ਮਿਲ ਸਕੇਗੀ।
ਡੈਕਸਾ ਸਕੈਨ ਕੀ ਹੁੰਦਾ ਹੈ?
ਡੈਕਸਾ ਸਕੈਨ ਹੱਡੀਆਂ ਦੀ ਖਣਿਜ ਘਣਤਾ ਮਾਪਣ ਲਈ ਸਭ ਤੋਂ ਭਰੋਸੇਯੋਗ ਜਾਂਚ ਮੰਨੀ ਜਾਂਦੀ ਹੈ। ਇਸ ਰਾਹੀਂ ਪਤਾ ਲਗਾਇਆ ਜਾਂਦਾ ਹੈ ਕਿ ਮਰੀਜ਼ ਨੂੰ ਹੱਡੀਆਂ ਕਮਜ਼ੋਰ ਹੋਣ ਦੀ ਬਿਮਾਰੀ (ਓਸਟੀਓਪੋਰੋਸਿਸ) ਜਾਂ ਹੱਡੀਆਂ ਦੀ ਘਣਤਾ ਘਟਣ ਦੀ ਸਮੱਸਿਆ (ਓਸਟੀਓਪੀਨੀਆ) ਤਾਂ ਨਹੀਂ।
 


author

Babita

Content Editor

Related News