ਪੀ. ਜੀ. ਆਈ. ਸੂਚਕਾਂਕ ''ਚ ਚੰਡੀਗੜ੍ਹ ਦੇਸ਼ ''ਚੋਂ ਪਹਿਲੇ ਸਥਾਨ ''ਤੇ, ਪੰਜਾਬ, ਦਿੱਲੀ ਤੇ ਕੇਰਲ ਦੂਜੇ ਨੰਬਰ ''ਤੇ
Wednesday, Jul 08, 2026 - 02:21 PM (IST)
ਚੰਡੀਗੜ੍ਹ (ਸ਼ੀਨਾ) : ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ (ਪੀ. ਜੀ. ਆਈ.) 2025-26 ਵਿੱਚ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਚੰਡੀਗੜ੍ਹ ਨੇ ਪੂਰੇ ਦੇਸ਼ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਨਵੀਂ ਗ੍ਰੇਡਿੰਗ ਪ੍ਰਣਾਲੀ ਅਨੁਸਾਰ ਚੰਡੀਗੜ੍ਹ ਇਕੱਲਾ ਸੂਬਾ/ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਜਿਸ ਨੂੰ 'ਉੱਤਮ-3' ਸ਼੍ਰੇਣੀ 'ਚ ਥਾਂ ਮਿਲੀ ਹੈ। ਪੰਜਾਬ, ਦਿੱਲੀ, ਕੇਰਲ ਅਤੇ ਦਾਦਰਾ ਅਤੇ ਨਗਰ ਹਵੇਲੀ ਤੇ ਦਮਨ-ਦੀਵ 'ਪ੍ਰਚੇਸ਼ਟਾ-1' ਸ਼੍ਰੇਣੀ 'ਚ ਰਹੇ। ਇਸ ਵਾਰ ਕੇਂਦਰ ਸਰਕਾਰ ਨੇ ਰਵਾਇਤੀ ਰੈਂਕਿੰਗ ਦੀ ਥਾਂ ਗ੍ਰੇਡਿੰਗ ਸਿਸਟਮ ਲਾਗੂ ਕੀਤਾ ਹੈ, ਜਿਸ ਤਹਿਤ ਇੱਕੋ ਜਿਹੇ ਪ੍ਰਦਰਸ਼ਨ ਵਾਲੇ ਰਾਜਾਂ ਨੂੰ ਇੱਕੋ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਮੁਲਾਂਕਣ 70 ਸੰਕੇਤਕਾਂ ਦੇ ਆਧਾਰ 'ਤੇ ਕੀਤਾ ਗਿਆ, ਜਿਨ੍ਹਾਂ 'ਚ ਸਿੱਖਣ ਦੇ ਨਤੀਜੇ, ਸਿੱਖਿਆ ਦੀ ਗੁਣਵੱਤਾ, ਸਕੂਲਾਂ ਤੱਕ ਪਹੁੰਚ, ਬੁਨਿਆਦੀ ਢਾਂਚਾ, ਬਰਾਬਰੀ ਦੇ ਮੌਕੇ, ਪ੍ਰਸ਼ਾਸਨਿਕ ਪ੍ਰਬੰਧਨ ਅਤੇ ਅਧਿਆਪਕਾਂ ਦੀ ਸਿਖਲਾਈ ਨੂੰ ਸ਼ਾਮਲ ਕੀਤਾ ਗਿਆ।
ਰਿਪੋਰਟ ਅਨੁਸਾਰ 'ਉਤਕਰਸ਼' (90 ਫ਼ੀਸਦੀ ਤੋਂ ਵੱਧ), 'ਉੱਤਮ-1' (81-90 ਫ਼ੀਸਦੀ) ਅਤੇ 'ਉੱਤਮ-2' (71-80 ਫ਼ੀਸਦੀ) ਸ਼੍ਰੇਣੀਆਂ ਇਸ ਵਾਰ ਖਾਲੀ ਰਹੀਆਂ। 61 ਤੋਂ 70 ਫ਼ੀਸਦੀ ਅੰਕਾਂ ਵਾਲੀ 'ਉੱਤਮ-3' ਸ਼੍ਰੇਣੀ ਵਿੱਚ ਸਿਰਫ਼ ਚੰਡੀਗੜ੍ਹ ਹੀ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ, ਜਿਸ ਕਾਰਨ ਉਹ ਦੇਸ਼ ਵਿੱਚ ਪਹਿਲੇ ਸਥਾਨ 'ਤੇ ਰਿਹਾ। ਉੱਧਰ ਪੀ. ਜੀ. ਆਈ.-ਡੀ (ਜ਼ਿਲ੍ਹਾ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ) ਵਿੱਚ ਵੀ ਕਈ ਜ਼ਿਲ੍ਹਿਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਦੇਸ਼ ਦੇ 462 ਜ਼ਿਲ੍ਹਿਆਂ ਨੇ ਆਪਣੇ ਨਤੀਜਿਆਂ 'ਚ ਸੁਧਾਰ ਦਰਜ ਕੀਤਾ, ਜਦਕਿ 50 ਜ਼ਿਲ੍ਹਿਆਂ ਨੇ ਆਪਣਾ ਗ੍ਰੇਡ ਵੀ ਉੱਚਾ ਕੀਤਾ। ਇਸ ਵਾਰ 19 ਜ਼ਿਲ੍ਹਿਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ 'ਉੱਤਮ-2' ਗ੍ਰੇਡ ਹਾਸਲ ਕੀਤਾ, ਜਦੋਂ ਕਿ ਪਿਛਲੇ ਸਾਲ ਇਹ ਗਿਣਤੀ 16 ਸੀ। ਟਾਪ ਜ਼ਿਲ੍ਹਿਆਂ 'ਚ ਪੰਜਾਬ ਸਭ ਤੋਂ ਅੱਗੇ ਰਿਹਾ। ਸੂਬੇ ਦੇ 7 ਜ਼ਿਲ੍ਹਿਆਂ ਨੇ ਉੱਚਾ ਗ੍ਰੇਡ ਹਾਸਲ ਕੀਤਾ। ਇਸ ਤੋਂ ਬਾਅਦ ਦਿੱਲੀ ਦੇ 4, ਕੇਰਲ ਦੇ 3, ਮਹਾਰਾਸ਼ਟਰ ਦੇ 2 ਅਤੇ ਚੰਡੀਗੜ੍ਹ, ਦੀਵ ਤੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦਾ ਇੱਕ-ਇੱਕ ਜ਼ਿਲ੍ਹਾ ਟਾਪ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸ਼ਾਮਲ ਰਿਹਾ।
