SIR ''ਚ 66 ਹਜ਼ਾਰ ਨਾਂ ਕੱਟਣ ਦੀ ਤਿਆਰੀ! ਚੰਡੀਗੜ੍ਹ ''ਚ ਵੋਟਰਾਂ ਬਾਰੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
Thursday, Jul 16, 2026 - 02:30 PM (IST)
ਚੰਡੀਗੜ੍ਹ (ਮਨਪ੍ਰੀਤ) : ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚੰਡੀਗੜ੍ਹ ’ਚ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐੱਸ.ਆਈ.ਆਰ.)-2026 ਅਧੀਨ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਅਤੇ ਡਾਟਾ ਇਕੱਠਾ ਕਰਨ ਦੀ ਮੁਹਿੰਮ ਦਾ ਪਹਿਲਾ ਫੇਜ਼ ਮੁਕੰਮਲ ਹੋ ਗਿਆ ਹੈ। ਮੁੱਖ ਚੋਣ ਅਧਿਕਾਰੀ ਪ੍ਰੇਰਨਾ ਪੁਰੀ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 15 ਜੂਨ ਤੋਂ 14 ਜੁਲਾਈ ਤੱਕ ਚੱਲੀ ਮੁਹਿੰਮ ਦੌਰਾਨ ਸ਼ਹਿਰ ਦੇ 5 ਲੱਖ 16 ਹਜ਼ਾਰ 427 ਰਜਿਸਟਰਡ ਵੋਟਰਾਂ ਤੱਕ ਪਹੁੰਚ ਬਣਾਈ ਗਈ ਅਤੇ ਪਾਰਦਰਸ਼ੀ ਅਤੇ ਸਹੀ ਵੋਟਰ ਸੂਚੀ ਤਿਆਰ ਕਰਨ ਵੱਲ ਅਹਿਮ ਕਦਮ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ 21 ਜੁਲਾਈ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਇਸ ਮੌਕੇ ਵਧੀਕ ਮੁੱਖ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਸੰਯੁਕਤ ਮੁੱਖ ਚੋਣ ਅਧਿਕਾਰੀ ਸੌਰਭ ਅਰੋੜਾ, ਚੋਣ ਰਜਿਸਟ੍ਰੇਸ਼ਨ ਅਧਿਕਾਰੀ ਅਮਨਦੀਪ ਸਿੰਘ ਭੱਟੀ ਤੇ ਮੀਡੀਆ ਨੋਡਲ ਅਧਿਕਾਰੀ ਰਾਜੀਵ ਤਿਵਾੜੀ ਵੀ ਹਾਜ਼ਰ ਸਨ।
100 ਫ਼ੀਸਦੀ ਵੋਟਰਾਂ ਤੱਕ ਪਹੁੰਚੇ ਬੀ. ਐੱਲ. ਓ.
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਬੂਥ ਲੈਵਲ ਅਧਿਕਾਰੀਆਂ (ਬੀ. ਐੱਲ. ਓ.) ਨੇ ਸ਼ਹਿਰ ਦੇ ਸਾਰੇ 5 ਲੱਖ 16 ਹਜ਼ਾਰ 427 ਵੋਟਰਾਂ ਤੱਕ ਪਹੁੰਚ ਕਰਕੇ ਫਾਰਮ ਵੰਡੇ। ਇਨ੍ਹਾਂ ’ਚੋਂ 4 ਲੱਖ 50 ਹਜ਼ਾਰ 246 ਫਾਰਮ (87.19 ਫ਼ੀਸਦੀ) ਇਕੱਠੇ ਕਰਕੇ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ, ਜਦੋਂ ਕਿ 66,146 ਫਾਰਮ (12.81 ਫ਼ੀਸਦੀ) ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਵੋਟਰਾਂ ਵੱਲੋਂ ਵਾਪਸ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਜਮ੍ਹਾਂ ਹੋਏ ਫਾਰਮਾਂ ’ਚੋਂ 3 ਲੱਖ 80 ਹਜ਼ਾਰ 795 ਵੋਟਰਾਂ ਦਾ 2002 ਦੇ ਰਿਕਾਰਡ ਨਾਲ ਮਿਲਾਨ ਕੀਤਾ ਗਿਆ। ਇਨ੍ਹਾਂ ’ਚ 1,67,397 ਵੋਟਰਾਂ ਨੇ ਆਪਣੇ ਦਸਤਾਵੇਜ਼ਾਂ ਰਾਹੀਂ ਜਦਕਿ 2 ਲੱਖ 13 ਹਜ਼ਾਰ 398 ਵੋਟਰਾਂ ਨੇ ਆਪਣੇ ਮਾਤਾ ਜਾਂ ਪਿਤਾ ਦੀ ਵੋਟ ਦੇ ਆਧਾਰ ’ਤੇ ਵੇਰਵਿਆਂ ਦੀ ਪੁਸ਼ਟੀ ਕਰਵਾਈ। ਇਸ ਤੋਂ ਇਲਾਵਾ 69 ਹਜ਼ਾਰ 451 ਵੋਟਰਾਂ ਨੇ ਪੁਰਾਣੇ ਰਿਕਾਰਡ ਨਾਲ ਮਿਲਾਨ ਤੋਂ ਬਿਨਾਂ ਹੀ ਫਾਰਮ ਜਮ੍ਹਾਂ ਕਰਵਾਏ।
43,724 ਲੋਕ ਛੱਡ ਚੁੱਕੇ ਮਕਾਨ, 3,535 ਵੋਟਰਾਂ ਦੀ ਮੌਤ
ਚੋਣ ਵਿਭਾਗ ਮੁਤਾਬਕ ਜਿਨ੍ਹਾਂ 66 ਹਜ਼ਾਰ 146 ਵੋਟਰਾਂ ਨੇ ਫਾਰਮ ਜਮ੍ਹਾਂ ਨਹੀਂ ਕਰਵਾਏ, ਉਨ੍ਹਾਂ ਬਾਰੇ ਘਰ-ਘਰ ਜਾਂਚ ਦੌਰਾਨ ਪਤਾ ਲੱਗਾ ਕਿ 43,724 ਲੋਕ ਸਥਾਈ ਤੌਰ ’ਤੇ ਮਕਾਨ ਛੱਡ ਚੁੱਕੇ ਹਨ। 12 ਹਜ਼ਾਰ 568 ਲੋਕ ਘਰਾਂ ’ਚ ਨਹੀਂ ਮਿਲੇ। 3,535 ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 2,590 ਨਾਮ ਦੋਹਰੇ ਦਰਜ ਪਾਏ ਗਏ। ਬਾਕੀ 3,729 ਮਾਮਲੇ ਹੋਰ ਕਾਰਨਾਂ ਕਰਕੇ ਅਧੂਰੇ ਰਹੇ। ਇਸ ਕਾਰਨ ਇਹ ਨਾਮ 21 ਜੁਲਾਈ ਨੂੰ ਜਾਰੀ ਹੋਣ ਵਾਲੀ ਡਰਾਫਟ ਵੋਟਰ ਸੂਚੀ ’ਚ ਸ਼ਾਮਲ ਨਹੀਂ ਹੋਣਗੇ।
575 ਰਹਿ ਜਾਣਗੇ ਪੋਲਿੰਗ ਸਟੇਸ਼ਨ
ਵੋਟਰਾਂ ਦੀ ਸਹੂਲਤ ਤੇ ਚੋਣ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਚੰਡੀਗੜ੍ਹ ’ਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 614 ਤੋਂ ਘਟਾ ਕੇ 575 ਕਰ ਦਿੱਤੀ ਗਈ ਹੈ।
21 ਤੋਂ ਸ਼ੁਰੂ ਹੋਵੇਗੀ ਨੋਟਿਸ ਤੇ ਸੁਣਵਾਈ ਦੀ ਪ੍ਰਕਿਰਿਆ
ਚੋਣ ਵਿਭਾਗ ਨੇ ਦੱਸਿਆ ਕਿ 21 ਜੁਲਾਈ ਨੂੰ ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ 21 ਜੁਲਾਈ ਤੋਂ 18 ਸਤੰਬਰ ਤੱਕ ਉਨ੍ਹਾਂ 69,451 ਵੋਟਰਾਂ ਨੂੰ ਨੋਟਿਸ ਭੇਜੇ ਜਾਣਗੇ, ਜਿਨ੍ਹਾਂ ਦੇ ਫਾਰਮਾਂ ’ਚ ਕਮੀ ਹੈ ਜਾਂ ਪੁਰਾਣੇ ਰਿਕਾਰਡ ਨਾਲ ਮਿਲਾਨ ਨਹੀਂ ਹੋ ਸਕਿਆ। ਵਿਭਾਗ ਨੇ ਸਪੱਸ਼ਟ ਕੀਤਾ ਕਿ ਕਾਨੂੰਨੀ ਪ੍ਰਕਿਰਿਆ ਤੇ ਪੂਰੀ ਸੁਣਵਾਈ ਤੋਂ ਬਿਨਾਂ ਕਿਸੇ ਵੀ ਵੋਟਰ ਦਾ ਨਾਮ ਸੂਚੀ ’ਚੋਂ ਨਹੀਂ ਕੱਟਿਆ ਜਾਵੇਗਾ।
ਇਹ ਵੀ ਪੜ੍ਹੋ : PRTC ਦੀਆਂ ਬੱਸਾਂ ਨਹੀਂ ਚੱਲਣਗੀਆਂ! ਯੂਨੀਅਨ ਨੇ ਕੀਤਾ ਵੱਡਾ ਐਲਾਨ, ਵੱਡੀ ਮੁਸ਼ਕਲ 'ਚ ਸਵਾਰੀਆਂ
ਸੁਣਵਾਈ ਵੇਲੇ ਇਹ ਦਸਤਾਵੇਜ਼ ਹੋਣਗੇ ਲਾਜ਼ਮੀ
ਚੋਣ ਵਿਭਾਗ ਨੇ ਦੱਸਿਆ ਕਿ ਨੋਟਿਸ ਪ੍ਰਾਪਤ ਕਰਨ ਵਾਲੇ ਵੋਟਰਾਂ ਨੂੰ ਆਪਣੀ ਜਨਮ ਮਿਤੀ ਦੇ ਆਧਾਰ ’ਤੇ ਦਸਤਾਵੇਜ਼ ਪੇਸ਼ ਕਰਨੇ ਹੋਣਗੇ।
1 ਜੁਲਾਈ 1987 ਤੋਂ ਪਹਿਲਾਂ ਜਨਮੇ: ਸਿਰਫ਼ ਆਪਣੇ ਦਸਤਾਵੇਜ਼।
1 ਜੁਲਾਈ 1987 ਤੋਂ 2 ਦਸੰਬਰ 2004 ਦਰਮਿਆਨ ਜਨਮੇ: ਆਪਣੇ ਨਾਲ ਮਾਤਾ ਜਾਂ ਪਿਤਾ ’ਚੋਂ ਕਿਸੇ ਇਕ ਦੇ ਦਸਤਾਵੇਜ਼।
2 ਦਸੰਬਰ 2004 ਤੋਂ ਬਾਅਦ ਜਨਮੇ: ਆਪਣੇ ਤੇ ਮਾਤਾ-ਪਿਤਾ ਦੋਵਾਂ ਦੇ ਦਸਤਾਵੇਜ਼।
ਸਬੂਤ ਵਜੋਂ ਜਨਮ ਸਰਟੀਫਿਕੇਟ, ਪਾਸਪੋਰਟ, 10ਵੀਂ ਦਾ ਸਰਟੀਫਿਕੇਟ, ਸਥਾਈ ਨਿਵਾਸ ਸਰਟੀਫਿਕੇਟ, ਸਰਕਾਰੀ ਪਛਾਣ ਪੱਤਰ, ਪੈਨਸ਼ਨ ਆਰਡਰ ਜਾਂ ਜਾਤੀ ਸਰਟੀਫਿਕੇਟ ਆਦਿ ਪੇਸ਼ ਕੀਤੇ ਜਾ ਸਕਦੇ ਹਨ।
ਨਵੀਂ ਵੋਟ ਬਣਾਉਣ ਅਤੇ ਸੋਧ ਦਾ ਮੌਕਾ
ਕਿਸੇ ਯੋਗ ਨਾਗਰਿਕ ਦਾ ਨਾਮ 21 ਜੁਲਾਈ ਨੂੰ ਜਾਰੀ ਹੋਣ ਵਾਲੀ ਡਰਾਫਟ ਸੂਚੀ ’ਚ ਨਹੀਂ ਆਉਂਦਾ ਤਾਂ ਉਹ 21 ਜੁਲਾਈ ਤੋਂ 20 ਅਗਸਤ ਤੱਕ ਫਾਰਮ-6 ਭਰ ਕੇ ਨਵੀਂ ਵੋਟ ਬਣਵਾ ਸਕਦਾ ਹੈ। ਜਿਹੜੇ ਨੌਜਵਾਨ 1 ਜੁਲਾਈ 2026 ਤੱਕ 18 ਸਾਲ ਦੇ ਹੋ ਚੁੱਕੇ ਹਨ, ਉਹ ਵੀ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਨਾਮ, ਪਤਾ ਜਾਂ ਹੋਰ ਵੇਰਵਿਆਂ ’ਚ ਸੋਧ ਲਈ ਫਾਰਮ-8 ਭਰਿਆ ਜਾ ਸਕਦਾ ਹੈ। ਇਹ ਫਾਰਮ ਈ.ਸੀ.ਆਈ.ਐੱਨ.ਈ.ਟੀ. ਐਪ ਰਾਹੀਂ ਆਨਲਾਈਨ ਜਾਂ ਆਪਣੇ ਇਲਾਕੇ ਦੇ ਬੀ.ਐੱਲ.ਓ. ਕੋਲ ਆਫਲਾਈਨ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
