ਬੱਚੇ ਦੇ ਜਨਮ ਦੇ ਸਮੇਂ ਹੋਇਆ ਫੈਮਿਲੀ ਡਰਾਮਾ ਮਾਂ ਬੋਲੀ-ਸਹੁਰੇ ਪਰਿਵਾਰ ਨੇ ਬੱਚੇ ਨੂੰ ਖੋਹ ਕੇ ਪਟਕ ਦਿੱਤਾ ਬੈੱਡ ''ਤੇ

Tuesday, Jun 13, 2017 - 03:11 AM (IST)

ਬੱਚੇ ਦੇ ਜਨਮ ਦੇ ਸਮੇਂ ਹੋਇਆ ਫੈਮਿਲੀ ਡਰਾਮਾ ਮਾਂ ਬੋਲੀ-ਸਹੁਰੇ ਪਰਿਵਾਰ ਨੇ ਬੱਚੇ ਨੂੰ ਖੋਹ ਕੇ ਪਟਕ ਦਿੱਤਾ ਬੈੱਡ ''ਤੇ

ਲੁਧਿਆਣਾ (ਜ.ਬ.)-ਥਾਣਾ ਡਵੀਜ਼ਨ ਨੰਬਰ ਨੰ. 7 ਅਧੀਨ ਆਉਂਦੇ ਇਲਾਕੇ ਈ. ਡਬਲਯੂ. ਐੱਸ. ਕਾਲੋਨੀ ਦੇ ਨੇੜੇ ਬਣੇ ਜੱਚਾ-ਬੱਚਾ ਕੇਂਦਰ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਡਲਿਵਰੀ ਲਈ ਦਾਖਲ ਹੋਈ ਇਕ ਮਹਿਲਾ ਦੇ ਨਵ-ਜੰਮੇ ਬੱਚੇ ਦੀ ਅਚਾਨਕ ਮੌਤ ਹੋ ਗਈ। ਇਸ ਤੋਂ ਬਾਅਦ ਉਥੇ ਖੂਬ ਫੈਮਿਲੀ ਡਰਾਮਾ ਹੋਇਆ। ਮਹਿਲਾ ਦੇ ਸਹੁਰੇ ਅਤੇ ਨਾਨਕੇ ਧਿਰ ਦੇ ਲੋਕਾਂ ਨੇ ਇਕ-ਦੂਸਰੇ ਨੂੰ ਬੱਚੇ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ। ਥਾਣਾ ਪੁਲਸ ਨੇ ਨਵ-ਜੰਮੇ ਬੱਚੇ ਦੀ ਮੌਤ ਦੇ ਮਾਮਲੇ ਵਿਚ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ। ਜੱਚਾ-ਬੱਚਾ ਕੇਂਦਰ ਵਿਚ ਡਲਿਵਰੀ ਲਈ ਦਾਖਲ ਹੋਈ ਮਹਿਲਾ ਮਨਪ੍ਰੀਤ ਕੌਰ ਪਤਨੀ ਜਸਕਰਨ ਸਿੰਘ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਰੋਪੜ ਵਿਚ ਹੈ, ਜਦੋਂਕਿ ਉਸ ਦੇ ਪੇਕੇ ਪਰਿਵਾਰ ਭਾਮੀਆ ਖੁਰਦ ਲੁਧਿਆਣਾ ਵਿਚ ਹਨ। ਉਸ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਜਸਕਰਨ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਕਾਰ ਲਿਆਉਣ ਲਈ ਕਥਿਤ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਲੱਗਾ। ਜਿਸ ਕਾਰਨ ਗਰਭਵਤੀ ਹੋਣ ਕਾਰਨ ਉਹ 7ਵੇਂ ਮਹੀਨੇ ਵਿਚ ਪੇਕੇ ਆ ਗਈ। ਬੀਤੇ ਦਿਨੀਂ ਪ੍ਰਸੂਤਾ ਦਰਦ ਹੋਣ 'ਤੇ ਉਹ ਉਕਤ ਜੱਚਾ-ਬੱਚਾ ਕੇਂਦਰ ਵਿਚ ਦਾਖਲ ਹੋ ਗਈ। ਇਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਦੇ ਸਹੁਰੇ ਪਰਿਵਾਰ ਨੂੰ ਮੌਕੇ 'ਤੇ ਬੁਲਾਉਣ ਲਈ ਕਿਹਾ ਕਿ ਜਿਸ 'ਤੇ ਉਸ ਦਾ ਸਹੁਰਾ ਪਰਿਵਾਰ 11 ਜੂਨ ਨੂੰ ਸ਼ਾਮ 5 ਵਜੇ ਉਥੇ ਆ ਗਿਆ। ਰਾਤ ਨੂੰ ਕਰੀਬ 11 ਵਜੇ ਉਸ ਨੇ ਬੱਚੇ ਨੂੰ ਜਨਮ ਦਿੱਤਾ ਪਰ ਬੱਚਾ ਕਮਜ਼ੋਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਜਦੋਂ ਉਹ ਬੱਚੇ ਨੂੰ ਸਿਵਲ ਹਸਪਤਾਲ ਲਿਜਾਣ ਲੱਗੇ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਬੱਚੇ ਨੂੰ ਜ਼ਬਰਦਸਤੀ ਉਨ੍ਹਾਂ ਤੋਂ ਖੋਹ ਲਿਆ ਅਤੇ ਫਿਰ ਤੋਂ ਕਾਰ ਦੀ ਮੰਗ ਕਰਨ ਲੱਗੇ। ਜਿਸ ਦੌਰਾਨ ਉਨ੍ਹਾਂ ਨੇ ਬੱਚੇ ਨੂੰ ਬੈੱਡ 'ਤੇ ਕਥਿਤ ਤੌਰ 'ਤੇ ਪਟਕਾ ਦਿੱਤਾ, ਜਿਸ ਨਾਲ ਬੱਚੇ ਦੀ ਮੌਤ ਹੋ ਗਈ। ਜਦੋਂ ਉਸ ਦੇ ਪਰਿਵਾਰ ਵਾਲੇ ਬੱਚੇ ਨੂੰ ਹਸਪਤਾਲ ਲੈ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਇਸ ਮਾਮਲੇ ਵਿਚ ਮਹਿਲਾ ਦੇ ਪਤੀ ਜਸਕਰਨ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਉਹ ਬੱਚੇ ਨੂੰ ਸਿਵਲ ਹਸਪਤਾਲ ਲਿਜਾਣ ਲੱਗੇ ਤਾਂ ਉਸ ਦੇ ਸਹੁਰੇ ਬਲਵੀਰ ਸਿੰਘ ਨੇ ਕਥਿਤ ਤੌਰ 'ਤੇ ਬੱਚਾ ਉਨ੍ਹਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਬੱਚੇ ਦੀ ਮੌਤ ਹੋ ਗਈ। ਜਸਕਰਨ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰੇ ਨੇ ਉਸ ਦੇ ਸਿਰ ਵਿਚ ਲੱਕੜੀ ਮਾਰੀ, ਜਿਸ ਨਾਲ ਉਸ ਦਾ ਸਿਰ ਪਾਟ ਗਿਆ ਅਤੇ ਉਸ ਦੇ ਸਿਰ ਵਿਚ 11 ਟਾਂਕੇ ਲੱਗੇ।


Related News