ਬਰਨਾਲਾ: ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਮਾਂ-ਧੀ ਦੇ ਮਾਮਲੇ ''ਚ ਮਹਿਲਾ ਕਮਿਸ਼ਨ ਦੀ ਦਖਲ
Sunday, Apr 05, 2026 - 08:06 PM (IST)
ਬਰਨਾਲਾ (ਪੁਨੀਤ) : ਪਿੰਡ ਰੂੜੇਕੇ ਕਲਾਂ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਅੰਮ੍ਰਿਤਧਾਰੀ ਮਾਂ-ਧੀ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮੀਡੀਆ ਵਿੱਚ ਖਬਰਾਂ ਪ੍ਰਮੁੱਖਤਾ ਨਾਲ ਨਸ਼ਰ ਹੋਣ ਤੋਂ ਬਾਅਦ, ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਪੀੜਤ ਮਹਿਲਾ ਨੂੰ 6 ਅਪ੍ਰੈਲ ਨੂੰ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਕਮਿਸ਼ਨ ਦੇ ਦਫ਼ਤਰ ਵਿਖੇ ਤਲਬ ਕੀਤਾ ਹੈ।
ਰਾਤ ਵੇਲੇ ਪਹੁੰਚੇ ਪੁਲਸ ਅਧਿਕਾਰੀ
ਖਬਰ ਦੇ ਅਸਰ ਵਜੋਂ ਬੀਤੀ ਰਾਤ ਕਰੀਬ 11:30 ਵਜੇ ਡੀ.ਐੱਸ.ਪੀ. ਜਸਵਿੰਦਰ ਕੌਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਹਿਲਾ ਕਮਿਸ਼ਨ ਦਾ ਪੱਤਰ ਪੀੜਤ ਧਿਰ ਨੂੰ ਸੌਂਪਿਆ। ਇਸ ਸਬੰਧੀ ਇੱਕ ਵਿਸ਼ੇਸ਼ ਪੱਤਰ ਬਰਨਾਲਾ ਦੇ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਬਰਨਾਲਾ ਨੂੰ ਵੀ ਭੇਜਿਆ ਗਿਆ ਹੈ।
ਇਨਸਾਫ਼ ਲਈ ਸੰਘਰਸ਼ ਜਾਰੀ
ਪੀੜਤ ਮਹਿਲਾ ਗੁਰਜੀਤ ਕੌਰ, ਜੋ ਆਪਣੇ ਪਤੀ ਨਾਰਾਇਣ ਸਿੰਘ ਦੇ ਕਥਿਤ ਅੱਤਿਆਚਾਰਾਂ ਤੋਂ ਪ੍ਰੇਸ਼ਾਨ ਹੈ, ਨੇ ਆਪਣੇ ਬੱਚਿਆਂ ਦੇ ਭਵਿੱਖ ਲਈ ਇਹ ਮੋਰਚਾ ਖੋਲ੍ਹਿਆ ਹੋਇਆ ਹੈ। ਉਹ ਦਸ਼ਮੇਸ਼ ਤਰਨਾ ਦਲ (ਬਠਿੰਡਾ) ਦੇ ਮੁਖੀ ਜਥੇਦਾਰ ਬੱਲਮ ਸਿੰਘ ਦਾਸ ਦੀ ਅਗਵਾਈ ਵਿੱਚ ਮਹਿਲਾ ਕਮਿਸ਼ਨ ਦੇ ਦਫ਼ਤਰ ਜਾਣਗੇ।
ਧੀ ਟੈਂਕੀ 'ਤੇ ਹੀ ਰਹੇਗੀ
ਹਾਲਾਂਕਿ ਮਾਂ ਗੁਰਜੀਤ ਕੌਰ ਚੰਡੀਗੜ੍ਹ ਜਾਵੇਗੀ, ਪਰ ਉਨ੍ਹਾਂ ਦੀ ਧੀ ਮਨਵੀਰ ਕੌਰ ਟੈਂਕੀ ’ਤੇ ਹੀ ਰਹਿ ਕੇ ਆਪਣਾ ਵਿਰੋਧ ਜਾਰੀ ਰੱਖੇਗੀ। ਜਥੇਦਾਰ ਬੱਲਮ ਸਿੰਘ ਨੇ ਕਿਹਾ ਕਿ ਜੇਕਰ ਮਹਿਲਾ ਕਮਿਸ਼ਨ ਤੋਂ ਇਨਸਾਫ਼ ਨਾ ਮਿਲਿਆ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਪੀੜਤ ਪਰਿਵਾਰ ਅਤੇ ਜਥੇਬੰਦੀ ਦੇ ਆਗੂਆਂ ਨੇ ਬਰਨਾਲਾ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਵੱਲੋਂ ਜ਼ਿੰਮੇਵਾਰੀ ਨਾਲ ਖਬਰ ਦਿਖਾਉਣ ਕਾਰਨ ਹੀ ਅੱਜ ਪ੍ਰਸ਼ਾਸਨ ਅਤੇ ਕਮਿਸ਼ਨ ਹਰਕਤ ਵਿੱਚ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
