13 ਸਾਲਾ ਬੱਚੀ ਨੂੰ ''KIDNAP'' ਕਰ ਕੇ ਲੈ ਗਿਆ ਨੌਜਵਾਨ! ਮਾਂ ਨੇ ਕੀਤਾ RESCUE

Thursday, Apr 09, 2026 - 01:48 PM (IST)

13 ਸਾਲਾ ਬੱਚੀ ਨੂੰ ''KIDNAP'' ਕਰ ਕੇ ਲੈ ਗਿਆ ਨੌਜਵਾਨ! ਮਾਂ ਨੇ ਕੀਤਾ RESCUE

ਲੁਧਿਆਣਾ (ਰਾਜ): ਸ਼ਹਿਰ ਵਿਚ ਨਾਬਾਲਗ ਲੜਕੀਆਂ ਨੂੰ ਪ੍ਰੇਮ ਜਾਲ ਵਿਚ ਫਸਾ ਕੇ ਅਗਵਾ ਕਰਨ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਤਾਜ਼ਾ ਮਾਮਲਾ ਰਾਹੋਂ ਰੋਡ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ 13 ਸਾਲ ਦੀ ਮਾਸੂਮ ਬੱਚੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਲਿਆ। ਹਾਲਾਂਕਿ, ਲੜਕੀ ਦੀ ਸੂਝਬੂਝ ਅਤੇ ਕਿਸਮਤ ਸਦਕਾ ਉਹ ਦਰਿੰਦੇ ਦੇ ਚੰਗੁਲ ਵਿਚੋਂ ਛੁੱਟਣ ਵਿਚ ਕਾਮਯਾਬ ਰਹੀ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਪੀੜਤਾ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ 13 ਸਾਲਾ ਧੀ ਨੂੰ ਮੁਲਜ਼ਮ ਪ੍ਰਿੰਸ ਨੇ 15 ਅਕਤੂਬਰ 2025 ਨੂੰ ਰਾਹੋਂ ਰੋਡ ਸਥਿਤ ਪੈਟਰੋਲ ਪੰਪ ਦੇ ਕੋਲ ਆਪਣੀਆਂ ਗੱਲਾਂ ਦੇ ਜਾਲ ਵਿਚ ਫਸਾਇਆ। ਮੁਲਜ਼ਮ ਨੇ ਉਸ ਨੂੰ ਵਿਆਹ ਕਰਨ ਅਤੇ ਸੁਨਹਿਰੀ ਭਵਿੱਖ ਦਾ ਲਾਲਚ ਦਿੱਤਾ ਅਤੇ ਉਸ ਨੂੰ ਵਰਗਲਾ ਕੇ ਲੁਧਿਆਣਾ ਰੇਲਵੇ ਸਟੇਸ਼ਨ ਲੈ ਗਿਆ। ਉੱਥੋਂ ਮੁਲਜ਼ਮ ਉਸ ਨੂੰ ਟ੍ਰੇਨ ਰਾਹੀਂ ਫਿਲੌਰ ਸਟੇਸ਼ਨ ਲੈ ਗਿਆ, ਤਾਂ ਜੋ ਕਿਸੇ ਨੂੰ ਉਨ੍ਹਾਂ 'ਤੇ ਸ਼ੱਕ ਨਾ ਹੋਵੇ। ਫਿਲੌਰ ਤੋਂ ਮੁਲਜ਼ਮ ਫਿਰ ਲੜਕੀ ਨੂੰ ਲੈ ਕੇ ਲੁਧਿਆਣਾ ਵਾਪਸ ਆਇਆ ਅਤੇ ਉਸ ਨੂੰ ਰਾਹੋਂ ਰੋਡ ਸਥਿਤ ਇੰਦਰਾ ਕਾਲੋਨੀ ਦੀ ਗਲੀ ਨੰਬਰ 5 ਵਿਚ ਇਕ ਟਿਕਾਣੇ 'ਤੇ ਲੈ ਗਿਆ।

ਉੱਥੇ ਮੌਕਾ ਪਾ ਕੇ ਨਾਬਾਲਗ ਨੇ ਆਪਣੀ ਮਾਂ ਨੂੰ ਫ਼ੋਨ ਕਰ ਦਿੱਤਾ ਅਤੇ ਆਪ-ਬੀਤੀ ਸੁਣਾਉਂਦੇ ਹੋਏ ਆਪਣੀ ਲੋਕੇਸ਼ਨ ਦੱਸੀ। ਜਾਣਕਾਰੀ ਮਿਲਦੇ ਹੀ ਮਾਂ ਮੌਕੇ 'ਤੇ ਪਹੁੰਚੀ ਅਤੇ 16 ਅਕਤੂਬਰ ਦੀ ਸਵੇਰ ਕਰੀਬ 6 ਵਜੇ ਆਪਣੀ ਬੇਟੀ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਲਿਆਈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਕੁਝ ਘਰੇਲੂ ਮਜਬੂਰੀਆਂ ਅਤੇ ਡਰ ਕਾਰਨ ਤੁਰੰਤ ਥਾਣੇ ਨਹੀਂ ਪਹੁੰਚ ਸਕੀ ਸੀ, ਪਰ ਹੁਣ ਉਸ ਨੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਥਾਣਾ ਮੇਹਰਬਾਨ ਦੀ ਪੁਲਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਪ੍ਰਿੰਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Anmol Tagra

Content Editor

Related News