ਸਕੂਲੀ ਬੱਚਿਆਂ ਦੀ ਲੜਾਈ ਦੌਰਾਨ ਇਕ ਬੱਚੇ ਦੇ ਗੁਪਤ ਅੰਗ ’ਚ ਜ਼ੋਰਦਾਰ ਵੱਜੀ ਪੈਂਸਿਲ
Saturday, Apr 11, 2026 - 04:40 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਇਕ ਨਾਮੀ ਸਕੂਲ ਵਿਚ ਪੜ੍ਹਾਈ ਦੌਰਾਨ ਇਕ ਬੱਚੇ ਵਲੋਂ ਦੂਜੇ ਬੱਚੇ ਦੀ ਕੁੱਟਮਾਰ ਕਰਨ ਅਤੇ ਉਸਦੇ ਗੁਪਤ ਅੰਗ ’ਤੇ ਜ਼ੋਰਦਾਰ ਪੈਂਸਿਲ ਮਾਰਨ ਕਾਰਨ ਉਹ ਜ਼ਖ਼ਮੀ ਹੋ ਗਿਆ ਜਿਸ ਕਾਰਨ ਉਸ ਨੂੰ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਉਣਾ ਪਿਆ। ਬੱਚੇ ਦੀ ਮਾਤਾ ਨੇ ਦੱਸਿਆ ਕਿ ਉਸਦਾ ਪੁੱਤਰ ਮਾਛੀਵਾੜਾ ਦੇ ਇੱਕ ਨਾਮੀ ਸਕੂਲ ਵਿਚ ਪੜ੍ਹਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਚੌਥੀ ਕਲਾਸ ਦੌਰਾਨ ਉਸਦੇ ਲੜਕੇ ਨੂੰ ਕੁਝ ਕਲਾਸ ’ਚ ਪੜ੍ਹਦੇ ਵਿਦਿਆਰਥੀਆਂ ਨੇ ਵਾਸ਼ਰੂਮ ਵਿਚ ਬੁਰੀ ਤਰ੍ਹਾਂ ਕੁੱਟਿਆ ਸੀ। ਲੜਕੇ ਦੀ ਮਾਤਾ ਅਨੁਸਾਰ ਉਸ ਸਮੇਂ ਸਕੂਲ ਦੇ ਪ੍ਰਬੰਧਕਾਂ ਨੂੰ ਕੁੱਟਮਾਰ ਸਬੰਧੀ ਸ਼ਿਕਾਇਤ ਲਗਾਈ ਸੀ ਅਤੇ ਕੁੱਟਮਾਰ ਕਰਨ ਵਾਲੇ ਬੱਚਿਆਂ ਦਾ ਸੈਕਸ਼ਨ ਬਦਲਣ ਲਈ ਆਖਿਆ ਸੀ। ਉਸ ਸਮੇਂ ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਅੱਗੇ ਤੋਂ ਬੱਚੇ ਨਾਲ ਅਜਿਹੀ ਕੋਈ ਘਟਨਾ ਨਹੀਂ ਵਾਪਰੇਗੀ ਅਤੇ ਉਨ੍ਹਾਂ ਕੁੱਟਮਾਰ ਕਰਨ ਵਾਲੇ ਬੱਚਿਆਂ ਦਾ ਸੈਕਸ਼ਨ ਵੀ ਬਦਲ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਹੁਣ ਉਨ੍ਹਾਂ ਦਾ ਬੱਚਾ ਪੰਜਵੀਂ ਕਲਾਸ ਵਿਚ ਹੋ ਗਿਆ ਤਾਂ ਉਸ ਨਾਲ ਪੜ੍ਹਦੇ ਕੁਝ ਵਿਦਿਆਰਥੀ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ ਕਿ ਤੇਰੇ ਕਾਰਨ ਸਾਡੇ ਕੁਝ ਦੋਸਤ ਦੂਜੇ ਸੈਕਸ਼ਨ ਵਿਚ ਤਬਦੀਲ ਹੋ ਗਏ।
ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਬੱਚੇ ਨੂੰ ਪੌੜੀਆਂ ਤੋਂ ਧੱਕਾ ਮਾਰ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਉਹ ਬੜੀ ਮੁਸ਼ਕਿਲ ਨਾਲ ਬਚਿਆ ਅਤੇ ਫਿਰ ਕਲਾਸ ਦੌਰਾਨ ਇਕ ਬੱਚੇ ਨੇ ਉਸ ਦੇ ਜ਼ੋਰਦਾਰ ਢੰਗ ਨਾਲ ਪਿਛਲੇ ਗੁਪਤ ਅੰਗ ’ਤੇ ਪੈਂਸਿਲ ਮਾਰੀ ਜਿਸ ਦਾ ਸਿੱਕਾ ਉਸਦੇ ਸਰੀਰ ਵਿਚ ਹੀ ਟੁੱਟ ਗਿਆ। ਬੱਚੇ ਦੀ ਮਾਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਲੜਕਾ ਕਲਾਸ ਵਿਚ ਦਰਦ ਸਹਾਰਦਾ ਰਿਹਾ ਪਰ ਉਨ੍ਹਾਂ ਨੂੰ 3 ਘੰਟੇ ਬਾਅਦ ਘਟਨਾ ਬਾਰੇ ਸੂਚਿਤ ਕੀਤਾ ਗਿਆ। ਬੱਚੇ ਦੀ ਮਾਤਾ ਨੇ ਕਿਹਾ ਕਿ ਜਦੋਂ ਉਹ ਆਪਣੇ ਬੱਚੇ ਨੂੰ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਆਏ ਤਾਂ ਉੱਥੇ ਦੇਖਿਆ ਕਿ ਉਸਦੇ ਸਰੀਰ ਦੇ ਪਿਛਲੇ ਪਾਸੇ ਗੁਪਤ ਅੰਗ ’ਤੇ ਪੈਂਸਿਲ ਦਾ ਸਿੱਕਾ ਫਸਿਆ ਹੋਇਆ ਸੀ। ਡਾਕਟਰਾਂ ਅਨੁਸਾਰ ਬੱਚੇ ਦੀ ਸਰਜਰੀ ਕਰਨੀ ਪਵੇਗੀ ਤਾਂ ਹੀ ਇਹ ਸਿੱਕਾ ਬਾਹਰ ਨਿਕਲੇਗਾ। ਜ਼ਖ਼ਮੀ ਬੱਚੇ ਦੀ ਮਾਤਾ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਵਿਚ ਸਕੂਲ ਦੀ ਨਲਾਇਕੀ ਸਾਹਮਣੇ ਆਈ ਹੈ ਕਿਉਂਕਿ ਨਾ ਕੋਈ ਸਕੂਲ ਪ੍ਰਬੰਧਕ ਅਜੇ ਤੱਕ ਬੱਚੇ ਦਾ ਹਾਲ ਪੁੱਛਣ ਆਇਆ ਅਤੇ ਪਰਿਵਾਰ ਨੂੰ ਵੀ 3 ਘੰਟੇ ਦੇਰੀ ਨਾਲ ਸੂਚਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਵੀ ਪੁਲਸ ਬਿਆਨ ਦਰਜ ਕਰਨ ਆਵੇਗੀ ਤਾਂ ਉਹ ਸਾਰਾ ਕੁਝ ਬਿਆਨ ਕਰਨਗੇ।
ਪੈਂਸਿਲ ਦਾ ਸਿੱਕਾ ਫਸ ਜਾਣ ਕਾਰਨ ਬੱਚੇ ਦੀ ਕਰਨੀ ਪਵੇਗੀ ਸਰਜਰੀ: ਡਾਕਟਰ
ਇਸ ਸਬੰਧੀ ਸਮਰਾਲਾ ਹਸਪਤਾਲ ਦੀ ਐੱਸ.ਐੱਮ.ਓ. ਡਾ. ਸਰੀਤਾ ਨੇ ਕਿਹਾ ਕਿ ਉਨ੍ਹਾਂ ਕੋਲ ਇੱਕ ਬੱਚਾ ਇਲਾਜ ਲਈ ਆਇਆ ਹੈ ਜੋ ਕਿ ਸਕੂਲੀ ਬੱਚਿਆਂ ਦੇ ਆਪਸ ਵਿਚ ਝਗੜੇ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਸਰੀਰ ਦੇ ਪਿਛਲੇ ਹਿੱਸੇ ਵਿਚ ਪੈਂਸਿਲ ਦਾ ਸਿੱਕਾ ਫਸਿਆ ਹੈ ਜਿਸ ਦੀ ਸਰਜਰੀ ਕਰਨੀ ਪਵੇਗੀ ਪਰ ਬੱਚਾ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐੱਮ.ਐੱਲ.ਆਰ. ਮਾਛੀਵਾੜਾ ਪੁਲਸ ਨੂੰ ਭੇਜ ਦਿੱਤੀ ਹੈ।
ਸਕੂਲ ਦੇ ਕਾਨੂੰਨੀ ਸਲਾਹਕਾਰ ਨੇ ਸਾਰੇ ਦੋਸ਼ ਨਕਾਰੇ
ਇਸ ਸਬੰਧੀ ਸਕੂਲ ਦੇ ਕਾਨੂੰਨੀ ਸਲਾਹਕਾਰ ਗੁਰਦੀਸ਼ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਬੱਚੇ ਦੇ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ ’ਤੇ ਲਗਾਏ ਸਾਰੇ ਦੋਸ਼ ਨਕਾਰੇ। ਉਨ੍ਹਾਂ ਕਿਹਾ ਕਿ ਸਕੂਲ ਵਿਚ ਬੱਚਿਆਂ ਵਿਚਕਾਰ ਕੋਈ ਝਗੜਾ ਨਹੀਂ ਹੋਇਆ ਬਲਕਿ ਜਦੋਂ ਕਲਾਸ ਦਾ ਪੀਰੀਅਡ ਖਤਮ ਹੋਇਆ ਤਾਂ ਦੂਸਰੀ ਕਲਾਸ ਲੈਣ ਲਈ ਅਜੇ ਅਧਿਆਪਕ ਨੇ ਆਉਣਾ ਸੀ ਕਿ ਇਸ ਦੌਰਾਨ 2-3 ਮਿੰਟ ਵਿਚ ਹੀ ਸਭ ਕੁਝ ਵਾਪਰਿਆ। ਉਨ੍ਹਾਂ ਕਿਹਾ ਕਿ ਬੱਚਾ ਬੈਂਚ ’ਤੇ ਪਈ ਪੈਂਸਿਲ ਉੱਪਰ ਅਚਾਨਕ ਬੈਠ ਗਿਆ ਜਿਸ ਕਾਰਨ ਉਸਦੇ ਸਰੀਰ ਦੇ ਪਿਛਲੇ ਹਿੱਸੇ ’ਚ ਪੈਂਸਿਲ ਵੱਜੀ। ਉਨ੍ਹਾਂ ਕਿਹਾ ਕਿ ਸਕੂਲ ਵਿਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਜਦੋਂ ਬੱਚੇ ਨੂੰ ਮਾਪੇ ਸਕੂਲ ਤੋਂ ਲੈ ਕੇ ਗਏ ਤਾਂ ਉਸ ਸਮੇਂ ਪੈਂਸਿਲ ਦਾ ਸਿੱਕਾ ਫਸਣ ਦੀ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸਕੂਲ ਪੁਲਸ ਨੂੰ ਪੂਰਾ ਸਹਿਯੋਗ ਦੇਵੇਗੀ ਬੇਸ਼ੱਕ ਉਹ ਸੀਸੀਟੀਵੀ ਕੈਮਰੇ ਦੀ ਜਾਂਚ ਕਰ ਲੈਣ।
