ਨਸ਼ੇ ਦੇ ਕਹਿਰ ਨੇ ਮਾਂ ਤੋਂ ਖੋਹ ਲਏ ਪੰਜ ਪੁੱਤ, ਸੁਲਤਾਨਪੁਰ ਲੋਧੀ ’ਚ ਰੋਂਦੀਆਂ ਦੀਵਾਰਾਂ, ਸੁੰਨਾ ਪਿਆ ਘਰ : ਭੱਟੀ

Friday, Apr 17, 2026 - 05:44 AM (IST)

ਨਸ਼ੇ ਦੇ ਕਹਿਰ ਨੇ ਮਾਂ ਤੋਂ ਖੋਹ ਲਏ ਪੰਜ ਪੁੱਤ, ਸੁਲਤਾਨਪੁਰ ਲੋਧੀ ’ਚ ਰੋਂਦੀਆਂ ਦੀਵਾਰਾਂ, ਸੁੰਨਾ ਪਿਆ ਘਰ : ਭੱਟੀ

ਸੁਲਤਾਨਪੁਰ ਲੋਧੀ, ਪੈਰਿਸ (ਧੀਰ) - ਇਹ ਸਿਰਫ ਇਕ ਖ਼ਬਰ ਨਹੀਂ… ਇਹ ਇਕ ਮਾਂ ਦੀ ਰੂਹ ਚੀਰ ਦੇਣ ਵਾਲੀ ਕਹਾਣੀ ਹੈ। ਮੁਹੱਲਾ ਪੰਡੋਰੀ ਦੀ ਮਨਜੀਤ ਕੌਰ ਅੱਜ ਉਸ ਮੋੜ ’ਤੇ ਖੜੀ ਹੈ, ਜਿੱਥੇ ਉਸਦੇ ਕੋਲ ਰੋਣ ਤੋਂ ਇਲਾਵਾ ਕੁਝ ਵੀ ਨਹੀਂ ਬਚਿਆ।

ਬੀਤੇ ਦਿਨੀਂ ਉਸਦਾ ਆਖਰੀ ਜਵਾਨ ਪੁੱਤ ਵੀ ਨਸ਼ੇ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ। ਇਸ ਨਾਲ ਉਸ ਘਰ ਦਾ ਆਖਰੀ ਚਿਰਾਗ ਵੀ ਬੁੱਝ ਗਿਆ, ਜਿੱਥੇ ਕਦੇ ਪੰਜ ਪੁੱਤਾਂ ਦੀਆਂ ਹੱਸਣ ਦੀਆਂ ਗੂੰਜਾਂ ਹੁੰਦੀਆਂ ਸਨ।

ਇਸ ਦਰਦਨਾਕ ਮਾਮਲੇ ਦੇ ਸੰਦਰਭ ਚ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇੰਦਰਜੀਤ ਸਿੰਘ ਜੋਸਨ ਨੇ ਆਪਣੇ ਸਾਥੀ ਪਰਮਜੀਤ ਸਿੰਘ ਸੈਦਪੁਰ ਸਣੇ ਦੁਖੀ ਪਰਿਵਾਰ ਦੇ ਘਰ ਵਿਚ ਪਹੁੰਚੇ। ਉਨ੍ਹਾਂ ਵੱਲੋਂ ਮਾਂ ਦਾ ਹੱਥ ਫੜ ਕੇ ਉਸਦਾ ਦੁੱਖ ਵੰਡਾਇਆ ਗਿਆ ਅਤੇ ਤੁਰੰਤ ਵਿੱਤੀ ਸਹਾਇਤਾ ਦਿੱਤੀ ਗਈ। ਨਾਲ ਹੀ ਉਨ੍ਹਾਂ ਹਰ ਮਹੀਨੇ 5 ਹਜ਼ਾਰ ਰੁਪਏ ਦੀ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ।

PunjabKesari

ਇਸ ਮੌਕੇ ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ ਸਭ ਤੋਂ ਦੁੱਖਦਾਈ ਗੱਲ ਇਹ ਹੈ ਕਿ ਪਿਛਲੇ ਅੱਠ ਸਾਲਾਂ ਦੇ ਅੰਦਰ ਜਦੋਂ ਪੰਜਾਬ ਵਿਚ ਕਾਂਗਰਸ ਅਤੇ ਬਾਅਦ ’ਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਰਹੀਆਂ, ਉਸੇ ਸਮੇਂ ਦੌਰਾਨ ਮਨਜੀਤ ਕੌਰ ਆਪਣੇ ਪੰਜੇ ਪੁੱਤਰਾਂ ਨੂੰ ਨਸ਼ੇ ਦੀ ਭੇਟ ਚੜ੍ਹ ਗਏ। ਇਕ-ਇਕ ਕਰਕੇ ਉਸਦੇ ਘਰ ਦੇ ਚਿਰਾਗ ਬੁੱਝਦੇ ਗਏ, ਪਰ ਸਿਸਟਮ ਦੀ ਨੀਂਦ ਨਾ ਟੁੱਟੀ। ਅੱਜ ਉਹ ਘਰ ਸਿਰਫ ਇਕ ਖਾਲੀ ਢਾਂਚਾ ਹੈ, ਨਾ ਕੋਈ ਸਹਾਰਾ, ਨਾ ਕੋਈ ਆਸ।

ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਮੌਤਾਂ ਨਹੀਂ ਹਨ, ਇਹ ਸਰਕਾਰਾਂ ਦੀ ਨਾਕਾਮੀ ਦੇ ਜਿੰਦੇ ਸਬੂਤ ਹਨ। ਅੱਠ ਸਾਲਾਂ ਵਿਚ ਦੋ-ਦੋ ਸਰਕਾਰਾਂ ਬਦਲ ਗਈਆਂ, ਪਰ ਇਸ ਮਾਂ ਦੀ ਕਿਸਮਤ ਨਹੀਂ ਬਦਲੀ। ਕਾਂਗਰਸ ਦੇ ਸਮੇਂ ਵੀ ਨਸ਼ਾ ਰੁਕਿਆ ਨਹੀਂ ਤੇ ਅੱਜ ਆਮ ਆਦਮੀ ਪਾਰਟੀ ਦੇ ਰਾਜ ਵਿਚ ਵੀ ਹਾਲਾਤ ਉਹੀ ਹਨ।

ਉਨ੍ਹਾਂ ਨੇ ਹੋਰ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦੋਵਾਂ ਸਰਕਾਰ ਨੇ ਨਸ਼ਾ ਖਤਮ ਕਰਨ ਦੇ ਵੱਡੇ ਵਾਅਦੇ ਕੀਤੇ ਪਰ ਜ਼ਮੀਨ ’ਤੇ ਹਕੀਕਤ ਇਹ ਹੈ ਕਿ ਨਸ਼ਾ ਹੋਰ ਵੀ ਆਸਾਨੀ ਨਾਲ ਮਿਲ ਰਿਹਾ ਹੈ। ਇਹ ਸਿਰਫ ਲਾਪਰਵਾਹੀ ਨਹੀਂ, ਸਿੱਧੀ ਤਰ੍ਹਾਂ ਪੰਜਾਬ ਦੇ ਜਵਾਨਾਂ ਨਾਲ ਧੋਖਾ ਹੈ।

ਉਨ੍ਹਾਂ ਨੇ ਸਵਾਲ ਉਠਾਇਆ ਕਿ ਜੇ ਇਕ ਮਾਂ ਦੇ 5 ਪੁੱਤ 8 ਸਾਲਾਂ ਵਿਚ ਨਸ਼ੇ ਨਾਲ ਮਰ ਜਾਂਦੇ ਹਨ ਤੇ ਕਿਸੇ ਨੂੰ ਜਵਾਬਦੇਹ ਨਹੀਂ ਠਹਿਰਾਇਆ ਜਾਂਦਾ ਤਾਂ ਫਿਰ ਇਹ ਸਿਸਟਮ ਕਿਥੇ ਖੜਾ ਹੈ?

ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ ਇਕ ਪਰਿਵਾਰ ਦੀ ਤਰਾਸਦੀ ਨਹੀਂ, ਸਗੋਂ ਪੰਜਾਬ ਦੀ ਉਸ ਕਾਲੀ ਹਕੀਕਤ ਦਾ ਸ਼ੀਸ਼ਾ ਹੈ, ਜਿੱਥੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਪਰ ਮਾਵਾਂ ਦੇ ਹੰਜੂ ਨਹੀਂ ਸੁੱਕਦੇ। ਜ਼ਿਕਰਯੋਗ ਹੈ ਕਿ ਅੱਜ ਮਨਜੀਤ ਕੌਰ ਦਾ ਸੁੰਨਾ ਘਰ ਚੁੱਪ ਨਹੀਂ…ਉਹ ਚੀਖ ਰਿਹਾ ਹੈ, ਕਿ ਹੋਰ ਕਿੰਨੇ ਘਰ ਉਜੜਣੇ ਬਾਕੀ ਨੇ? ਪੰਜਾਬ ਅੱਜ ਵੀ ਜਵਾਬ ਮੰਗ ਰਿਹਾ ਹੈ।


author

Inder Prajapati

Content Editor

Related News