...ਤੇ ਚੁੱਪੀ ਧਾਰ ਕੇ ਦੋਹਾਂ ਹੱਥਾਂ ''ਚ ਲੱਡੂ ਰੱਖਣਾ ਚਾਹੁੰਦੇ ਨੇ ''ਨਵਜੋਤ ਸਿੱਧੂ''
Saturday, Feb 01, 2020 - 05:55 PM (IST)
ਲੁਧਿਆਣਾ (ਹਿਤੇਸ਼) : ਸਟਾਰ ਪ੍ਰਚਾਰਕ ਦੇ ਤੌਰ 'ਤੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਹਿੱਸਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 3 ਦਿਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਪਰ ਕਾਂਗਰਸ ਦੇ ਇਕ ਹੋਰ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਅਜਿਹੀ ਕੋਈ ਖਬਰ ਨਹੀਂ ਹੈ, ਜਿਸ ਦੇ ਮੱਦੇਨਜ਼ਰ ਇਹ ਚਰਚਾ ਛਿੜ ਗਈ ਹੈ ਕਿ ਅੱਧ 'ਚ ਲਟਕੇ ਹੋਏ ਸਿਆਸੀ ਭਵਿੱਖ ਵਿਚਕਾਰ ਭਾਜਪਾ ਤੇ 'ਆਪ' ਦੇ ਖਿਲਾਫ ਨਾ ਬੋਲ ਕੇ ਸਿੱਧੂ ਆਪਣੇ ਦੋਹਾਂ ਹੱਥਾਂ 'ਚ ਲੱਡੂ ਰੱਖਣਾ ਚਾਹੁੰਦੇ ਹਨ।
ਨਵਜੋਤ ਸਿੱਧੂ ਨੂੰ ਅਕਾਲੀ ਦਲ ਦੇ ਟਕਸਾਲੀ ਗਰੁੱਪ ਵਲੋਂ ਮੁੱਖ ਮੰਤਰੀ ਅਹੁਦੇ ਦੀ ਆਫਰ ਕੀਤੀ ਜਾ ਚੁੱਕੀ ਹੈ ਅਤੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਵਧੀਆ ਪ੍ਰਦਰਸ਼ਨ ਕਰਨ ਦੀ ਸੂਰਤ 'ਚ ਆਮ ਆਦਮੀ ਪਾਰਟੀ ਵਲੋਂ ਇਕ ਵਾਰ ਫਿਰ ਪੰਜਾਬ ਦਾ ਰੁਖ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਉਨ੍ਹਾਂ ਵਲੋਂ ਟਕਸਾਲੀ ਗਰੁੱਪ ਦੇ ਨਾਲ ਗਠਜੋੜ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਜਪਾ ਵਲੋਂ ਵੀ ਪੰਜਾਬ 'ਚ ਅਗਲੀਆਂ ਚੋਣਾਂ ਅਕਾਲੀ ਦਲ ਨਾਲੋਂ ਵੱਖ ਹੋ ਕੇ ਲੜਨ ਦਾ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਉਹ ਮੁੱਖ ਮੰਤਰੀ ਉਮੀਦਵਾਰ ਦੇ ਰੂਪ 'ਚ ਮਜ਼ਬੂਤ ਸਿੱਖ ਚਿਹਰੇ ਦੀ ਭਾਲ ਕਰ ਰਹੀ ਹੈ, ਅਜਿਹੇ 'ਚ ਸਿੱਧੂ ਭਾਜਪਾ ਅਤੇ 'ਆਪ' ਖਿਲਾਫ ਨਾ ਬੋਲ ਕੇ ਬਦਲ ਖੁੱਲ੍ਹਾ ਰੱਖਣਾ ਚਾਹੁੰਦੇ ਹਨ।
ਕੈਪਟਨ ਦੇ ਨਾਲ ਨਾਰਾਜ਼ਗੀ ਦੇ ਚੱਲਦਿਆਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤਕਰੀਬਨ ਅੰਡਰਗਰਾਊਂਡ ਹੀ ਚੱਲ ਰਹੇ ਹਨ। ਹਾਲਾਂਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਤੋਂ ਇਲਾਵਾ ਕੁਝ ਮੌਕਿਆਂ 'ਤੇ ਉਹ ਜਨਤਕ ਤੌਰ 'ਤੇ ਦਿਖਾਈ ਦਿੱਤੇ ਪਰ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਕੀਤੀ। ਇਸ ਦੌਰਾਨ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀਆਂ ਅਫਵਾਹਾਂ ਵੀ ਸੁਣਨ ਨੂੰ ਮਿਲੀਆਂ, ਜਿਨ੍ਹਾਂ ਨੂੰ ਮੁੱਖ ਮੰਤਰੀ ਦਫਤਰ ਵਲੋਂ ਅਧਿਕਾਰਤ ਤੌਰ 'ਤੇ ਖਾਰਜ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਜਦੋਂ ਸਿੱਧੂ ਨੂੰ ਦਿਲੀ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਬਣਾਇਆ ਗਿਆ ਤਾਂ ਉਨ੍ਹਾਂ ਦੀ ਕਾਂਗਰਸ ਦੀ ਰਾਸ਼ਟਰੀ ਰਾਜਨੀਤੀ 'ਚ ਸਰਗਰਮ ਤੌਰ 'ਤੇ ਵਾਪਸੀ ਕਰਨ ਦੀ ਚਰਚਾ ਸ਼ੁਰੂ ਹੋ ਗਈ, ਜਦੋਂ ਕਿ ਸਿੱਧੂ ਨੇ ਹੁਣ ਤੱਕ ਦਿੱਲੀ ਦੀ ਰੁਖ ਨਹੀਂ ਕੀਤਾ ਅਤੇ ਉਨ੍ਹਾਂ ਦੀ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੱਕ ਚੋਣ ਪ੍ਰਚਾਰ 'ਚ ਹਿੱਸਾ ਲੈਣ ਦੀ ਉਮੀਦ ਘੱਟ ਹੀ ਦਿਖਾਈ ਦੇ ਰਹੀ ਹੈ।