ਚੇਅਰਮੈਨ ਤੇ ਉਪ ਚੇਅਰਮੈਨ ਨੂੰ ਲੈ ਕੇ ‘ਆਪ’ ਸਰਕਾਰ ’ਤੇ ਅਕਾਲੀ ਦਲ ਨੇ ਲਗਾਏ ਧੱਕੇਸ਼ਾਹੀ ਦੇ ਦੋਸ਼

Friday, Mar 13, 2026 - 03:24 PM (IST)

ਚੇਅਰਮੈਨ ਤੇ ਉਪ ਚੇਅਰਮੈਨ ਨੂੰ ਲੈ ਕੇ ‘ਆਪ’ ਸਰਕਾਰ ’ਤੇ ਅਕਾਲੀ ਦਲ ਨੇ ਲਗਾਏ ਧੱਕੇਸ਼ਾਹੀ ਦੇ ਦੋਸ਼

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਸੰਮਤੀ ਮੈਂਬਰਾਂ ’ਚੋਂ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਅੱਜ  ਬਲਾਕ ਪੰਚਾਇਤ ਦਫ਼ਤਰ ਵਿਖੇ ਬੜੇ ਗੁਪਤ ਢੰਗ ਨਾਲ ਹੋਈ ਜਿਸ ਵਿਚ ਆਮ ਆਦਮੀ ਪਾਰਟੀ ਦੇ ਚੁਣੇ 16 ’ਚੋਂ 6 ਮੈਂਬਰਾਂ ਨੇ ਹਾਜ਼ਰ ਹੋ ਕੇ ਇਨ੍ਹਾਂ ਅਹੁਦਿਆਂ ਦੀ ਚੋਣ ਕਰ ਲਈ। ਚੋਣ ਅਧਿਕਾਰੀ ਐੱਸ.ਡੀ.ਐੱਮ. ਗੁਰਸਿਮਰਨਜੀਤ ਕੌਰ ਦੀ ਅਗਵਾਈ ਹੇਠ ਹੋਈ ਚੋਣ ਵਿਚ ਰੀਨਾ ਰੰਗੀ ਨੂੰ ਚੇਅਰਮੈਨ ਅਤੇ ਤੇਜਪਾਲ ਸਿੰਘ ਭਰਥਲਾ ਨੂੰ ਉਪ ਚੇਅਰਮੈਨ ਚੁਣ ਲਿਆ ਗਿਆ। ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰਾਂ ਤੇ ਆਗੂਆਂ ਨੂੰ ਪਤਾ ਲੱਗਾ ਕਿ ਸਾਨੂੰ ਸੂਚਿਤ ਕੀਤੇ ਬਿਨਾਂ ਹੀ ਚੋਣ ਕਰ ਲਈ ਗਈ ਹੈ ਤਾਂ ਉਹ ਬਲਾਕ ਸੰਮਤੀ ਦਫ਼ਤਰ ਪੁੱਜੇ ਜਿੱਥੇ ਉਨ੍ਹਾਂ ‘ਆਪ’ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਬਾਜਵਾ, ਜ਼ਿਲਾ ਪ੍ਰੀਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ ਪੁੱਜੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ 6 ਬਲਾਕ ਸੰਮਤੀ ਮੈਂਬਰ ਹਨ ਜਿਨ੍ਹਾਂ ’ਚੋਂ ਕਿਸੇ ਨੂੰ ਵੀ ਪੰਚਾਇਤ ਦਫ਼ਤਰ ਵਲੋਂ ਸੂਚਿਤ ਹੀ ਨਹੀਂ ਕੀਤਾ ਗਿਆ ਕਿ ਅੱਜ ਅਹੁਦਿਆਂ ਦੀ ਚੋਣ ਰੱਖੀ ਗਈ ਹੈ। 

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਰਕਾਰ ਨਾਲ ਮਿਲੀਭੁਗਤ ਕਰ ਚੋਰਾਂ ਵਾਂਗ ਇਨ੍ਹਾਂ ਅਹੁਦਿਆਂ ਦੀ ਚੋਣ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ। ਉਕਤ ਆਗੂਆਂ ਨੇ ਕਿਹਾ ਕਿ ਅੱਜ ਤੱਕ ਮਾਛੀਵਾੜਾ ਸਾਹਿਬ ਦੇ ਇਤਿਹਾਸ ਵਿਚ ਹੋਈਆਂ ਚੋਣਾਂ ਦੌਰਾਨ ਕਦੇ ਵੀ ਨਹੀਂ ਹੋਇਆ ਕਿ ਬਲਾਕ ਸੰਮਤੀ ਮੈਂਬਰਾਂ ਨੂੰ ਸੂਚਿਤ ਕੀਤੇ ਬਿਨ੍ਹਾਂ ਹੀ ਧੱਕੇਸ਼ਾਹੀ ਕਰਦਿਆਂ ਪ੍ਰਸ਼ਾਸਨ ਤੇ ਸਰਕਾਰ ਵਲੋਂ ਇਹ ਅਹੁਦੇ ਚੁਣ ਲਏ ਗਏ ਹਨ। ਉਕਤ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਲਾਕ ਸੰਮਤੀ ਚੋਣਾਂ ਵਿਚ ਲੋਕਾਂ ਨੇ ਬੁਰੀ ਤਰ੍ਹਾਂ ਨਾਕਾਰ ਦਿੱਤਾ ਅਤੇ ਉਸ ਸਮੇਂ ਵੀ ਧੱਕੇਸ਼ਾਹੀ ਕਰਦਿਆਂ 16 ’ਚੋਂ ਕੇਵਲ 6 ਮੈਂਬਰ ‘ਆਪ’ ਦੇ ਜਿੱਤੇ ਜਦਕਿ 6 ਅਕਾਲੀ ਦਲ ਦੇ ਹਨ, ਇਸ ਲਈ ਇਨ੍ਹਾਂ ਕੋਲ ਬਹੁਮਤ ਨਾ ਹੋਣ ਦੇ ਬਾਵਜ਼ੂਦ ਵੀ ਇਨ੍ਹਾਂ ਅਹੁਦਿਆਂ ’ਤੇ ਕਬਜਾ ਕਰਨਾ ਸਿੱਧੇ ਤੌਰ ’ਤੇ ਲੋਕਾਂ ਦਾ ਹੱਕ ਖੋਹਣਾ ਹੈ। ਆਗੂਆਂ ਨੇ ਕਿਹਾ ਕਿ ਉਹ ਇਸ ਚੋਣ ਖਿਲਾਫ਼ ਜਲਦ ਹੀ ਆਪਣੀ ਹਾਈਕਮਾਂਡ ਨਾਲ ਰਣਨੀਤੀ ਤਿਆਰ ਕਰਨਗੇ। ਦੂਸਰੇ ਪਾਸੇ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਕਾਂਗਰਸ ਦੇ ਤਿੰਨ ਬਲਾਕ ਸੰਮਤੀ ਮੈਂਬਰ ਹਨ ਜਿਨ੍ਹਾਂ ਨੂੰ ਵੀ ਨਹੀਂ ਪਤਾ ਸੀ ਕਿ ਅੱਜ ਅਹੁਦਿਆਂ ਦੀ ਚੋਣ ਹੋ ਰਹੀ ਹੈ।

ਬਲਾਕ ਸੰਮਤੀ ਮੈਂਬਰਾਂ ਨੂੰ ਚੋਣ ਸਬੰਧੀ ਸੂਚਿਤ ਕਰਨਾ ਬੀ.ਡੀ.ਪੀ.ਓ. ਦੀ ਜ਼ਿੰਮੇਵਾਰੀ: ਐੱਸ.ਡੀ.ਐੱਮ.

ਅਕਾਲੀ ਦਲ ਵਲੋਂ ਲਗਾਏ ਗਏ ਦੋਸ਼ ਅਤੇ ਚੁੱਪ-ਚਪੀਤੇ ਢੰਗ ਨਾਲ ਹੋਈ ਚੋਣ ਸਬੰਧੀ ਜਦੋਂ ਐੱਸ.ਡੀ.ਐੱਮ. ਗੁਰਸਿਮਰਨਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 12 ਵਜੇ ਚੋਣ ਸ਼ੁਰੂ ਹੋਈ ਜਿਸ ਵਿਚ 6 ਬਲਾਕ ਸੰਮਤੀ ਮੈਂਬਰ ਪੁੱਜੇ ਅਤੇ ਦੂਜੀ ਵਾਰ ਇਹ ਚੋਣ ਰੱਖੀ ਗਈ ਸੀ ਜਿਸ ਕਾਰਨ ਸਾਰੇ 6 ਮੈਂਬਰਾਂ ਨੇ ਸਰਬ ਸੰਮਤੀ ਨਾਲ ਰੀਨਾ ਰੰਗੀ ਨੂੰ ਚੇਅਰਮੈਨ ਅਤੇ ਤੇਜਪਾਲ ਸਿੰਘ ਭਰਥਲਾ ਨੂੰ ਉਪ ਚੇਅਰਮੈਨ ਚੁਣ ਲਿਆ ਗਿਆ। ਉਨ੍ਹਾਂ ਕਿਹਾ ਕਿ ਚੁਣੇ ਗਏ ਸਾਰੇ ਬਲਾਕ ਸੰਮਤੀ ਮੈਂਬਰਾਂ ਨੂੰ ਸੂਚਿਤ ਕਰਨ ਦੀ ਜਿੰਮੇਵਾਰੀ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਦੀ ਹੈ ਜਿਸ ਸਬੰਧੀ ਬੀ.ਡੀ.ਪੀ.ਓ. ਹੀ ਦੱਸ ਸਕਦੇ ਹਨ।

ਚੋਣ ਤੋਂ ਬਾਅਦ ਦਫ਼ਤਰ ਤੋਂ ਸਾਰਾ ਸਟਾਫ਼ ਹੋਇਆ ਗਾਇਬ

ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਅਹੁਦਿਆਂ ਦੀ ਚੋਣ ਤੋਂ ਬਾਅਦ ਬੀ.ਡੀ.ਪੀ.ਓ. ਅਤੇ ਹੋਰ ਜ਼ਿਆਦਾਤਰ ਸਟਾਫ਼ ਆਪਣੇ ਕਮਰੇ ਖਾਲੀ ਛੱਡ ਕੇ ਚਲਾ ਗਿਆ। ਜਦੋਂ ਬੀ.ਡੀ.ਪੀ.ਓ. ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ। ਦੂਸਰੇ ਪਾਸੇ ਜਦੋਂ ਦਫ਼ਤਰ ’ਚ ਮੌਜੂਦ ਪੰਚਾਇਤ ਸਕੱਤਰ ਰਾਕੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਅੱਜ ਉਕਤ ਅਹੁਦਿਆਂ ਦੀ ਚੋਣ ਹੈ, ਮੈਂ ਤਾਂ ਹੁਣੇ ਹੀ ਆਇਆ ਹਾਂ ਜਦਕਿ ਬਾਕੀ ਸਟਾਫ਼ ਵੀ ਇਸ ਚੋਣ ਸਬੰਧੀ ਚੁੱਪ ਹੀ ਧਾਰੀ ਬੈਠਾ ਰਿਹਾ।

ਅਕਾਲੀ ਦਲ ਤੇ ਕਾਂਗਰਸ ਦੇ ਬਲਾਕ ਸੰਮਤੀ ਮੈਂਬਰ ਪਹਿਲਾਂ ਵਾਂਗ ਚੋਣ ਦਾ ਕਰ ਗਏ ਬਾਈਕਾਟ

ਜਦੋਂ ਇਸ ਸਬੰਧੀ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਅਕਾਲੀ ਦਲ ਵਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਿਛਲੀ ਵਾਰ ਵੀ ਚੋਣ ਰੱਖੀ ਸੀ ਤਾਂ ਇਹ ਬਾਈਕਾਟ ਕਰ ਗਏ ਸਨ ਅਤੇ ਹੁਣ ਵੀ ਇਨ੍ਹਾਂ ਨੇ ਬਾਈਕਾਟ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰਾਂ ਨੂੰ ਦਫ਼ਤਰ ਵਲੋਂ ਚੋਣ ਸਬੰਧੀ ਸੂਚਿਤ ਕੀਤਾ ਗਿਆ ਸੀ ਪਰ ਉਹ ਨਾ ਆਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਕੇਵਲ ਝੂਠ ਬੋਲਣਾ ਹੈ ਉਹ ਹਰੇਕ ਵਾਰ ਇਸ ਤਰ੍ਹਾਂ ਹੀ ਕਰਦਾ ਹੈ।


author

Gurminder Singh

Content Editor

Related News