ਨਗਰ ਨਿਗਮ ਅਫ਼ਸਰਾਂ ਵੱਲੋਂ ਨਵੀਆਂ ਗੱਡੀਆਂ ਦੀ ਖਰੀਦ ''ਚ ''ਘਪਲਾ''! CM ਆਫ਼ਿਸ ਨੇ ਮੰਗੀ ਰਿਪੋਰਟ
Monday, Oct 13, 2025 - 03:31 PM (IST)

ਲੁਧਿਆਣਾ (ਹਿਤੇਸ਼)- ਨਗਰ ਨਿਗਮ ਅਫਸਰਾਂ ਵੱਲੋਂ ਨਵੀਆਂ ਗੱਡੀਆਂ ਦੀ ਖਰੀਦ ਵਿਚ ਅੰਜਾਮ ਦਿੱਤੇ ਗਏ ਘਪਲੇ ਦੀ ਸ਼ਿਕਾਇਤ ਸਰਕਾਰ ਤੋਂ ਲੈ ਕੇ ਵਿਜੀਲੈਂਸ ਤੱਕ ਪੁੱਜ ਗਈ ਹੈ। ਇਸ ਮਾਮਲੇ ਦਾ ਖੁਲਾਸਾ ‘ਜਗ ਬਾਣੀ’ ਵਲੋਂ ਕੀਤਾ ਗਿਆ ਹੈ, ਜਿਸ ਦੇ ਮੁਤਾਬਕ 2 ਇਨੋਵਾ ਦੀ ਖਰੀਦ ਲਈ ਏਜੰਡਾ ਪਾਸ ਕਰਵਾਉਣ ਲਈ ਮਾਡਲ ਅਤੇ ਰੇਟ ਵੱਖ-ਵੱਖ ਲਿਖੇ ਗਏ, ਜਿਸ ਵਿਚ ਕਰੀਬ 10 ਲੱਖ ਦਾ ਫਰਕ ਹੈ ਅਤੇ ਫਿਰ ਸਰਕਾਰੀ ਪੋਰਟਲ ਜਾਂ 3 ਕੰਪਨੀਆਂ ਤੋਂ ਕੋਟੇਸ਼ਨ ਲੈਣ ਦੀ ਬਜਾਏ ਇਕ ਹੀ ਕੰਪਨੀ ਤੋਂ ਗੱਡੀਆਂ ਦੀ ਖਰੀਦ ਕਰ ਲਈ ਗਈ।
ਇਹ ਖ਼ਬਰ ਵੀ ਪੜ੍ਹੋ - ਸਮੇਂ ਸਿਰ ਵਿਆਹ ਨਾ ਕਰਵਾਉਣ ਵਾਲਿਆਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਹੋ ਸਕਦੀ ਹੈ ਜਾਨਲੇਵਾ ਬਿਮਾਰੀ
ਇਸੇ ਤਰ੍ਹਾਂ ਬਲੈਰੋ ਦੀ ਖਰੀਦ ਲਈ ਚਾਹੇ ਪੋਰਟਲ ਦਾ ਸਹਾਰਾ ਲਿਆ ਗਿਆ ਪਰ ਰੇਟ ਘੱਟ ਕਰਵਾਉਣ ਲਈ ਉਸ ਵਿਚ 10 ਗੱਡੀਆਂ ਦਾ ਜ਼ਿਕਰ ਨਹੀਂ ਕੀਤਾ ਗਿਆ। ਸਭ ਤੋਂ ਵੱਡੀ ਗੱਲ ਇਹ ਕਿ ਸਾਰੀ ਦੁਨੀਆਂ ਨੂੰ ਪਤਾ ਹੋਣ ਦੇ ਬਾਵਜੂਦ ਜੀ. ਐੱਸ. ਟੀ. ਘੱਟ ਹੋਣ ਦਾ ਇੰਤਜ਼ਾਰ ਕਰਨ ਦੀ ਬਜਾਏ ਐਡਵਾਂਸ ’ਚ ਪੇਮੈਂਟ ਕਰ ਦਿੱਤੀ ਗਈ, ਜਿਸ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ ਅਤੇ ਗੱਡੀਆਂ ਦੀ ਡਲਿਵਰੀ ਹੁਣ ਜਾ ਕੇ ਮਿਲੀ ਹੈ। ਇਸ ਮਾਮਲੇ ਦੀ ਸ਼ਿਕਾਇਤ ਮਿਲਣ ’ਤੇ ਸੀ. ਐੱਮ. ਆਫਿਸ ਵਲੋਂ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਤੋਂ ਰਿਪੋਰਟ ਮੰਗੀ ਗਈ ਹੈ।
ਮੇਅਰ ਦੇ ਇਤਰਾਜ਼ ਦੇ ਬਾਵਜੂਦ ਹੋਈ ਬਾਂਦਰ ਵੰਡ
ਨਗਰ ਨਿਗਮ ਵਲੋਂ ਜੋ 2 ਨਵੀਆਂ ਇਨੋਵਾ ਖਰੀਦੀਆਂ ਗਈਆਂ ਹਨ, ਉਹ ਮੇਅਰ-ਕਮਿਸ਼ਨਰ ਨੂੰ ਮਿਲਣੀਆਂ ਹਨ, ਜਦੋਂਕਿ ਬਾਕੀ ਬਲੈਰੋ ਗੱਡੀਆਂ ਦੀ ਖਰੀਦ ਲਈ ਕੁਝ ਅਫਸਰਾਂ ਨੂੰ ਕਿਰਾਏ ’ਤੇ ਲੈ ਕੇ ਦਿੱਤੀਆਂ ਗਈਆਂ ਇਨੋਵਾ ਗੱਡੀਆਂ ਵਾਪਸ ਲੈਣ ਦਾ ਹਵਾਲਾ ਦਿੱਤਾ ਗਿਆ ਪਰ ਇਸ ਦੇ ਬਿਲਕੁਲ ਉਲਟ ਕੁਝ ਅਫਸਰਾਂ ਨੂੰ ਠੀਕ ਹਾਲਤ ਵਾਲੀਆਂ ਬਲੈਰੋ ਗੱਡੀਆਂ ਬਦਲ ਕੇ ਨਵੀਆਂ ਦੇ ਦਿੱਤੀਆਂ ਗਈਆਂ ਅਤੇ ਕਿਰਾਏ ’ਤੇ ਲੈ ਕੇ ਦਿੱਤੀਆਂ ਗਈਆਂ ਇਨੋਵਾ ਗੱਡੀਆਂ ਪਹਿਲਾਂ ਵਾਂਗ ਹੀ ਚੱਲ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ; ਦੁਪਹਿਰ 2 ਵਜੇ ਤਕ...
ਦੱਸਿਆ ਜਾ ਰਿਹਾ ਹੈ ਕਿ ਮੇਅਰ ਵਲੋਂ ਇਤਰਾਜ਼ ਜਤਾਉਣ ’ਤੇ ਇਕ ਦਿਨ ਗੱਡੀਆਂ ਦੀ ਅਲਾਟਮੈਂਟ ਰੋਕ ਦਿੱਤੀ ਗਈ ਸੀ ਪਰ ਬਾਅਦ ਵਿਚ ਅਫਸਰਾਂ ਨੇ ਫਿਰ ਮਨਮਰਜ਼ੀ ਨਾਲ ਆਪਸ ’ਚ ਗੱਡੀਆਂ ਦੀ ਬਾਂਦਰ ਵੰਡ ਕਰ ਲਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8