ਨਗਰ ਨਿਗਮ ਦੀ ਲਾਪਰਵਾਹੀ! ਸਕੂਟਰੀ ਸਮੇਤ 7 ਫੁੱਟ ਡੂੰਘੇ ਟੋਏ ਵਿਚ ਜਾ ਡਿੱਗਿਆ ਬਜ਼ੁਰਗ, ਵਾਲ-ਵਾਲ ਬਚੀ ਜਾਨ
Tuesday, Mar 10, 2026 - 06:11 PM (IST)
ਲੁਧਿਆਣਾ (ਰਾਜ): ਸ਼ਿਵਪੁਰੀ ਇਲਾਕੇ ਵਿਚ ਸਥਿਤ ਮਸ਼ਹੂਰ ਟੂਟੀ ਵਾਲੇ ਮੰਦਰ ਨੇੜੇ ਨਗਰ ਨਿਗਮ ਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਕਾਰਨ ਇਕ ਵੱਡਾ ਹਾਦਸਾ ਸਾਹਮਣੇ ਆਇਆ ਹੈ, ਜਿਸ ਵਿਚ ਇਕ 68 ਸਾਲਾ ਬਜ਼ੁਰਗ ਮੌਤ ਦੇ ਮੂੰਹ 'ਚੋਂ ਵਾਲ-ਵਾਲ ਬਚਿਆ। ਜਾਣਕਾਰੀ ਮੁਤਾਬਕ, ਇਲਾਕੇ ਦੀ ਖਸਤਾਹਾਲ ਸੜਕ ਪਿਛਲੇ ਲੰਮੇ ਸਮੇਂ ਤੋਂ ਬਦਹਾਲੀ ਦਾ ਸ਼ਿਕਾਰ ਹੈ ਤੇ ਉੱਥੇ ਬਣੇ ਇਕ 7 ਫੁੱਟ ਡੂੰਘੇ ਜਾਨਲੇਵਾ ਟੋਏ ਨੇ ਇਕ ਬਜ਼ੁਰਗ ਨੂੰ ਆਪਣੀ ਲਪੇਟ ਵਿਚ ਲੈ ਲਿਆ। ਪੀੜਤ ਬਜ਼ੁਰਗ ਆਪਣੀ ਈ-ਐਕਟਿਵਾ ਸਕੂਟਰੀ 'ਤੇ ਸਵਾਰ ਹੋ ਕੇ ਘਰ ਦਾ ਜ਼ਰੂਰੀ ਸਾਮਾਨ ਲੈਣ ਨਿਕਲੇ ਸੀ। ਮੰਦਰ ਨੇੜੇ ਸੜਕ ਦੀ ਹਾਲਤ ਇੰਨੀ ਬਦਤਰ ਸੀ ਕਿ ਸਕੂਟਰੀ ਅਚਾਨਕ ਬੇਕਾਬੂ ਹੋ ਗਈ ਤੇ ਬਜ਼ੁਰਗ ਸਕੂਟਰੀ ਸਮੇਤ ਡੂੰਘੇ ਟੋਏ ਵਿਚ ਜਾ ਡਿੱਗਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਬਜ਼ੁਰਗ ਦੇ ਡਿਗਦਿਆਂ ਹੀ ਆਲੇ-ਦੁਆਲੇ ਦੇ ਲੋਕਾਂ ਦੀ ਰੂਹ ਕੰਬ ਗਈ ਤੇ ਰਾਹਗੀਰਾਂ ਨੇ ਤੁਰੰਤ ਹਿੰਮਤ ਦਿਖਾਉਂਦਿਆਂ ਭਾਰੀ ਮੁਸ਼ੱਕਤ ਮਗਰੋਂ ਉਨ੍ਹਾਂ ਨੂੰ ਡੂੰਘੇ ਟੋਏ 'ਚੋਂ ਬਾਹਰ ਕੱਢਿਆ। ਹਾਦਸੇ ਵਿਚ ਬਜ਼ੁਰਗ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਹਫੜਾ-ਦਫੜੀ ਵਿਚ ਇਕ ਈ-ਰਿਕਸ਼ਾ ਜ਼ਰੀਏ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਮਗਰੋਂ ਮੁਹੱਲਾ ਵਾਸੀਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਹ ਸੜਕ ਪਿਛਲੇ ਕਈ ਮਹੀਨਿਆਂ ਤੋਂ ਖੂਨੀ ਖੇਡ ਖੇਡ ਰਹੀ ਹੈ ਤੇ ਇੱਥੇ ਆਏ ਦਿਨ ਦੁਪਹੀਆ ਵਾਹਨ ਚਾਲਕ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ, ਪਰ ਕੁੰਭਕਰਨੀ ਨੀਂਦੇ ਸੁੱਤੇ ਪ੍ਰਸ਼ਾਸਨ ਨੇ ਅੱਜ ਤਕ ਇਸ ਦੀ ਸਾਰ ਨਹੀਂ ਲਈ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਨਗਰ ਨਿਗਮ, ਸਥਾਨਕ ਕੌਂਸਲਰ ਤੇ ਵਿਧਾਇਕ ਦੇ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਲੋਕਾਂ ਦਾ ਕਹਿਣਾ ਹੈ ਕਿ ਕੀ ਪ੍ਰਸ਼ਾਸਨ ਕਿਸੇ ਵੱਡੀ ਅਣਹੋਣੀ ਜਾਂ ਕਿਸੇ ਦੀ ਮੌਤ ਦਾ ਇੰਤਜ਼ਾਰ ਕਰ ਰਿਹਾ ਹੈ? ਅੱਜ ਤਾਂ ਇਕ ਬਜ਼ੁਰਗ ਦੀ ਜਾਨ ਜਾਂਦੇ-ਜਾਂਦੇ ਬਚੀ ਹੈ, ਪਰ ਜੇਕਰ ਛੇਤੀ ਹੀ ਇਨ੍ਹਾਂ ਜਾਨਲੇਵਾ ਟੋਇਆਂ ਨੂੰ ਭਰ ਕੇ ਸੜਕ ਨਾ ਬਣਾਈ ਗਈ ਤਾਂ ਇਲਾਕੇ ਦੇ ਲੋਕ ਸੜਕਾਂ 'ਤੇ ਉਤਰ ਕੇ ਵੱਡਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਲੋਕਾਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਤਾਂ ਜੋ ਰਾਹਗੀਰ ਚੈਨ ਦਾ ਸਾਹ ਲੈ ਸਕਣ ਤੇ ਸੁਰੱਖਿਅਤ ਆਪਣੇ ਘਰਾਂ ਨੂੰ ਪਹੁੰਚ ਸਕਣ।
