ਪ੍ਰੇਮ ਸਬੰਧਾਂ ਕਾਰਨ ਨੌਜਵਾਨ ਨੇ ਸ਼ੱਕੀ ਹਾਲਾਤ ''ਚ ਨਿਗਲਿਆ ਜ਼ਹਿਰ, ਮੌਤ

06/20/2018 6:17:46 AM

ਲੁਧਿਆਣਾ(ਮਹੇਸ਼)-ਸਲੇਮ ਟਾਬਰੀ ਇਲਾਕੇ 'ਚ ਸ਼ੱਕੀ ਹਾਲਾਤ 'ਚ ਜ਼ਹਿਰ ਨਿਗਲਣ ਨਾਲ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੱਸੀਆਂ ਰੋਡ, ਗੁਰਨਾਮ ਨਗਰ ਦੇ ਸਰਬਜੀਤ ਪੁੱਤਰ ਭਜਨ ਲਾਲ ਦੇ ਰੂਪ 'ਚ ਹੋਈ ਹੈ। ਪੁਲਸ ਨੇ ਲਾਸ਼ ਦਾ ਪੰਚਨਾਮਾ ਕਰ ਕੇ ਉਸ ਨੂੰ ਪੋਸਟਮਾਟਰਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ ਹੈ।  ਫਿਲਹਾਲ ਪੁਲਸ ਨੇ ਮ੍ਰਿਤਕ ਦੇ ਪਿਤਾ ਭਜਨ ਲਾਲ ਦੀ ਸ਼ਿਕਾਇਤ 'ਤੇ ਮਨੋਜ ਨਗਰ ਦੀ ਰਹਿਣ ਵਾਲੀ ਇਕ ਲੜਕੀ ਅਤੇ ਉਸ ਦੀ ਮਾਤਾ ਖਿਲਾਫ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਲਾਸ਼ ਦਾ ਪੋਸਟਮਾਟਰਮ ਕਰਵਾਇਆ ਜਾਵੇਗਾ। ਮਾਮਲਾ ਪ੍ਰੇਮ ਪ੍ਰਸੰਗ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।  ਭਜਨ ਲਾਲ ਨੇ ਦੱਸਿਆ ਕਿ ਉਸ ਦੇ 5 ਬੱਚੇ ਹਨ, ਜਿਨ੍ਹਾਂ 'ਚ 2 ਲੜਕੀਆਂ ਅਤੇ 3 ਲੜਕੇ ਹਨ। ਸਰਬਜੀਤ ਪੰਜਾਂ ਭੈਣ-ਭਰਾਵਾਂ 'ਚੋਂ ਸਭ ਤੋਂ ਛੋਟਾ ਸੀ। ਪਿਛਲੇ ਇਕ ਸਾਲ ਤੋਂ ਉਸ ਦੇ ਬੇਟੇ ਦੇ ਇਕ ਲੜਕੀ ਨਾਲ ਕਥਿਤ ਤੌਰ 'ਤੇ ਪ੍ਰੇਮ ਸਬੰਧ ਚੱਲ ਰਹੇ ਹਨ, ਜੋ ਕਿ ਇਕ ਹਸਪਤਾਲ ਦੀ ਲੈਬਾਰਟਰੀ 'ਚ ਕੰਮ ਕਰਦੀ ਹੈ ਜਦੋਂਕਿ ਸਰਬਜੀਤ ਹੇਅਰ ਡਰੈਸਰ ਦਾ ਕੰਮ ਸਿੱਖਣ ਤੋਂ ਪਹਿਲਾਂ ਉਸ ਦੇ ਨਾਲ ਲੈਬਾਰਟਰੀ ਵਿਚ ਕੰਮ ਕਰਦਾ ਸੀ। ਇਸ ਦੇ ਕਾਰਨ ਦੋਵਾਂ ਵਿਚ ਪ੍ਰੇਮ ਸਬੰਧ ਸਥਾਪਤ ਹੋ ਗਏ। ਉਨ੍ਹਾਂ ਦੇ ਇਸ ਪ੍ਰੇਮ ਦੀ ਭਿਣਕ ਲੜਕੀ ਦੀ ਮਾਤਾ ਨੂੰ ਵੀ ਸੀ। ਮਾਂ-ਬੇਟੀ ਅਕਸਰ ਉਨ੍ਹਾਂ ਦੇ ਘਰ ਆਇਆ-ਜਾਇਆ ਕਰਦੀਆਂ ਸੀ ਜਦੋਂਕਿ ਉਸ ਦਾ ਬੇਟਾ ਵੀ ਉਨ੍ਹਾਂ ਦੇ ਘਰ ਜਾਂਦਾ ਰਹਿੰਦਾ ਸੀ ਪਰ ਲੜਕੀ ਦਾ ਪਿਤਾ ਨਾ ਤਾਂ ਕਦੇ ਉਨ੍ਹਾਂ ਦੇ ਘਰ ਆਇਆ ਅਤੇ ਨਾ ਹੀ ਉਸ ਨੇ ਕਦੇ ਗੱਲ ਕੀਤੀ ਸੀ।
ਜ਼ਹਿਰ ਖੁਦ ਖਾਧਾ ਜਾਂ ਦਿੱਤਾ ਗਿਆ, ਇਹ ਰਾਜ਼ ਬਰਕਰਾਰ 
ਸਰਬਜੀਤ ਨੇ ਖੁਦ ਜ਼ਹਿਰ ਖਾਧਾ ਜਾਂ ਉਸ ਨੂੰ ਜਬਰਨ ਦਿੱਤਾ ਗਿਆ ਸੀ, ਇਸ ਗੱਲ 'ਤੇ ਹੁਣ ਤੱਕ ਰਾਜ਼ ਬਰਕਰਾਰ ਹੈ। ਭਜਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਇਸ ਗੱਲ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਕਿ ਉਸ ਦੇ ਬੇਟੇ ਨੂੰ ਜ਼ਹਿਰ ਦਿੱਤਾ ਗਿਆ ਹੈ ਜਾਂ ਉਸ ਨੇ ਖੁਦ ਖਾਧਾ ਹੈ। ਜਦੋਂਕਿ ਇਸ ਮਾਮਲੇ 'ਚ ਪੁਲਸ ਵੀ ਹੁਣ ਤੱਕ ਹਨੇਰੇ ਵਿਚ ਹੀ ਹੈ। ਇੰਸਪੈਕਟਰ ਵਿਜੇ ਦਾ ਕਹਿਣਾ ਹੈ ਕਿ ਛਾਣਬੀਣ ਪੂਰੀ ਹੋਣ ਤੋਂ ਬਾਅਦ ਹੀ ਸੱਚ ਸਾਹਮਣੇ ਆਵੇਗਾ। ਮਾਮਲੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਫਿਲਹਾਲ ਹੁਣ ਭਜਨ ਲਾਲ ਦੇ ਬਿਆਨ 'ਤੇ ਪੁਲਸ ਨੇ ਧਾਰਾ 306 (ਆਤਮਹੱਤਿਆ ਲਈ ਮਜਬੂਰ ਕਰਨਾ) ਤਹਿਤ ਕੇਸ ਦਰਜ ਕਰ ਕੇ ਰਮਨਦੀਪ ਕੌਰ ਅਤੇ ਉਸ ਦੀ ਮਾਤਾ ਪਰਮਜੀਤ ਕੌਰ ਨੂੰ ਨਾਮਜ਼ਦ ਕਰ ਲਿਆ ਹੈ। ਜਦੋਂਕਿ ਕੋਸ਼ਿਸ਼ ਦੇ ਬਾਵਜੂਦ ਰਮਨਦੀਪ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਸਵੇਰੇ ਲੜਕੀ ਦੀ ਮਾਤਾ ਨੇ ਫੋਨ ਕਰ ਕੇ ਆਪਣੇ ਘਰ ਬੁਲਾਇਆ ਸੀ
ਭਜਨ ਲਾਲ ਨੇ ਦੱਸਿਆ ਕਿ ਲੜਕੀ ਦੀ ਮਾਤਾ ਨੇ ਮੰਗਲਵਾਰ ਸਵੇਰੇ 8 ਵਜੇ ਸਰਬਜੀਤ ਨੂੰ ਫੋਨ ਕਰ ਕੇ ਆਪਣੇ ਘਰ ਬੁਲਾਇਆ। ਤਦ ਉਹ ਚੰਗਾ ਭਲਾ ਘਰੋਂ ਨਿਕਲਿਆ ਸੀ ਪਰ ਲਗਭਗ ਡੇਢ ਘੰਟੇ ਬਾਅਦ ਜਦ ਮਾਂ-ਬੇਟੀ ਸਰਬਜੀਤ ਨੂੰ ਐਕਟਿਵਾ 'ਤੇ ਛੱਡਣ ਲਈ ਘਰ ਆਈਆਂ ਤਾਂ ਉਸ ਦੀ ਹਾਲਤ ਬਹੁਤ ਖਰਾਬ ਸੀ। ਉਹ ਲਗਾਤਾਰ ਉਲਟੀਆਂ ਕਰ ਰਿਹਾ ਸੀ। ਉਸ ਨੇ ਦੱਸਿਆ ਕਿ 10 ਮਿੰਟ ਬਾਅਦ ਹੀ ਮਾਂ-ਬੇਟੀ ਕੋਈ ਠੋਸ ਜਵਾਬ ਦਿੱਤੇ ਬਗੈਰ ਵਾਪਸ ਚਲੀਆਂ ਗਈਆਂ। ਇਸ ਦੌਰਾਨ ਉਹ ਜਲਦਬਾਜ਼ੀ 'ਚ ਸਰਬਜੀਤ ਨੂੰ ਇਲਾਕੇ ਦੇ ਇਕ ਡਾਕਟਰ ਦੇ ਕੋਲ ਲੈ ਗਏ, ਜਿਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰ ਨੇ ਉਸ ਨੂੰ ਜਲਦ ਤੋਂ ਜਲਦ ਵੱਡੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਉਸ ਨੂੰ ਇਕ ਚੈਰੀਟੇਬਲ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਸਕੈਨ ਕਰਵਾਉਣ ਲਈ ਸਰਬਜੀਤ ਨੂੰ ਘੁੰਮਾਰ ਮੰਡੀ ਭੇਜ ਦਿੱਤਾ ਪਰ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ। 


Related News