ਟਰੈਕਟਰ ਤੇ ਮੋਟਰ ਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ
Thursday, May 02, 2024 - 06:24 PM (IST)

ਦੇਵੀਗੜ੍ਹ (ਨੌਗਾਵਾਂ) : ਦੇਵੀਗੜ੍ਹ ਨੇੜੇ ਇਕ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੋ ਨੌਜਵਾਨ ਜ਼ਖਮੀ ਹੋ ਗਏ ਹਨ। ਇਸ ਸਬੰਧੀ ਪਿੰਡ ਕਾਠਗੜ੍ਹ ਦੇ ਜ਼ੋਰਾ ਸਿੰਘ ਪੁੱਤਰ ਬਲਕਾਰ ਸਿੰਘ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੇਰਾ ਲੜਕਾ ਆਪਣੇ ਦੋ ਦੋਸਤਾਂ ਲਵਪ੍ਰੀਤ ਸਿੰਘ ਤੇ ਅਕਾਸ਼ਦੀਪ ਸਿੰਘ ਮੋਟਰ ਸਾਈਕਲ ਨੰ. ਪੀ. ਬੀ. 11 ਏ. ਆਰ.-4125 ਉੱਪਰ ਸਵਾਰ ਹੋ ਕੇ ਰਾਇਲ ਕਲਾਸਿਕ ਮੈਰੇਜ ਪੈਲੇਸ ਪਿੰਡ ਗੁਥਮੜਾ ਨੇੜੇ ਜਾ ਰਹੇ ਸਨ ਕਿ ਟਰੈਕਟਰ ਡਰਾਈਵਰ ਜਗਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਨਿਜ਼ਾਮਪੁਰ ਨੇ ਆਪਣਾ ਟਰੈਕਟਰ ਨੰ. ਪੀ.ਬੀ. 11 ਸੀ. ਐਕਸ.-6216 ਮੋਟਰ ਸਾਈਕਲ ’ਚ ਲਾਪ੍ਰਵਾਹੀ ਤੇ ਤੇਜ਼ ਰਫਤਾਰ ਨਾਲ ਲਿਆ ਕੇ ਮਾਰਿਆ।
ਇਸ ਕਾਰਨ ਉਸ ਦੇ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਦੋ ਦੋਸਤ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਪੁਲਸ ਨੇ ਟਰੈਕਟਰ ਦੇ ਡਰਾਈਵਰ ਵਿਰੁੱਧ ਧਾਰਾ 279, 304 ਏ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।