ਚੱਲਦੀ ਟਰੇਨ ''ਚ ਵਾਪਰਿਆ ਹਾਦਸਾ, ਨੌਜਵਾਨ ਦੀ ਹੋਈ ਦਰਦਨਾਕ ਮੌਤ
Monday, May 13, 2024 - 05:49 PM (IST)

ਜੈਤੋ (ਜਿੰਦਲ) : ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ ਨੂੰ ਰੇਲਵੇ ਪੁਲਸ ਜੈਤੋ ਦੇ ਏ. ਐੱਸ.ਆਈ. ਹਰਜੀਤ ਸਿੰਘ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਬਠਿੰਡਾ ਤੋਂ ਫਾਜ਼ਿਲਕਾ ਜਾਣ ਵਾਲੀ ਟਰੇਨ ਵਿਚੋਂ ਜੈਤੋ ਦੇ ਰੇਲਵੇ ਸਟੇਸ਼ਨ ’ਤੇ ਚੱਲਦੀ ਟਰੇਨ ਵਿਚੋਂ ਇਕ ਨੌਜਵਾਨ ਦਾ ਪੈਰ ਸਲਿੱਪ ਹੋਣ ਕਾਰਨ ਥੱਲੇ ਡਿੱਗ ਪਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਮੈਂਬਰ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ ਗੰਭੀਰ ਜ਼ਖ਼ਮੀ ਨੋਜਵਾਨ ਨੂੰ ਚੁੱਕ ਕੇ ਸਿਵਲ ਹਸਪਤਾਲ ਜੈਤੋ ਵਿਖੇ ਲਿਆਂਦਾ।
ਹਸਪਤਾਲ ਵਿਚ ਮੌਜੂਦ ਸਟਾਫ਼ ਮੈਂਬਰਾ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਕੋਟਕਪੂਰਾ ਵਿਖੇ ਹਸਪਤਾਲ ਵਿਚ ਮੌਜੂਦ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ । ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਇਸ ਦੀ ਲਾਵਾਰਿਸ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ।