ਨਾਲੇ ’ਚ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

04/25/2024 5:02:32 PM

ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਘਰਾਚੋਂ ਵਿਖੇ ਪਿੰਡ ਤੋਂ ਪੀ. ਜੀ. ਆਈ. ਘਾਬਦਾਂ ਨੂੰ ਜਾਂਦੀ ਲਿੰਕ ਸੜਕ ਉਪਰ ਇਕ ਮੋਟਰਸਾਈਕਲ ਦੇ ਅਚਾਨਕ ਬੇਕਾਬੂ ਹੋ ਕੇ ਇਕ ਨਾਲੇ ’ਚ ਡਿੱਗ ਜਾਣ ਕਾਰਨ ਮੋਟਰਸਾਈਕਲ ਇਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈਕ ਪੋਸਟ ਘਰਾਚੋਂ ਦੇ ਇੰਚਾਰਜ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਘਰਾਚੋਂ ਦੇ ਬਾਬਾ ਟੱਲਾਂ ਨੇੜਿਓ ਪੀ.ਜੀ.ਆਈ ਘਾਬਦਾਂ ਨੂੰ ਜਾਂਦੀ ਲਿੰਕ ਸੜਕ ਉਪਰ ਰਸਤੇ ’ਚ ਪੈਂਦੇ ਇਕ ਨਿਕਾਸੀ ਨਾਲੇ ’ਚ ਅੱਜ ਸਵੇਰੇ ਕੁਝ ਰਾਹਗੀਰਾਂ ਨੇ ਇਕ ਮੋਟਰਸਾਈਕਲ ਡਿੱਗਿਆ ਦੇਖਿਆ ਤੇ ਮੋਟਰਸਾਈਕਲ ਦੇ ਨੇੜੇ ਇਕ ਨੌਜਵਾਨ ਦੀ ਲਾਸ਼ ਪਈ ਦੇਖੀ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।

ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲਿਆ ਤੇ ਉਕਤ ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਦੁੱਲੜ ਹਾਲਅਬਾਦ ਪਿੰਡ ਬਟਰਿਆਣਾ ਦੇ ਤੌਰ ’ਤੇ ਹੋਈ। ਚੈਕ ਪੋਸਟ ਇੰਚਾਰਜ ਨੇ ਦੱਸਿਆ ਕਿ ਉਕਤ ਨੌਜਵਾਨ ਹੁਣ ਪਿੰਡ ਬਟਰਿਆਣਾ ਵਿਖੇ ਆਪਣੀ ਭੂਆ ਕੋਲ ਰਹਿੰਦਾ ਸੀ ਤੇ ਜਦੋਂ ਇਹ ਆਪਣੇ ਮੋਟਰਸਾਈਕਲ ਰਾਹੀਂ ਆਪਣੇ ਪਿੰਡ ਬਟਰਿਆਣਾ ਨੂੰ ਪਰਤ ਰਿਹਾ ਸੀ ਤਾਂ ਲਿੰਕ ਸੜਕ ’ਤੇ ਰਸਤੇ ’ਚ ਪੈਂਦੇ ਕੂਹਨੀ ਮੋੜ ਤੋਂ ਇਸ ਦਾ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਕੇ ਇਥੇ ਸਥਿਤ ਇਕ ਨਿਕਾਸੀ ਨਾਲੇ ’ਚ ਜਾ ਡਿੱਗਾ ਅਤੇ ਨੌਜਵਾਨ ਦਾ ਸਿਰ ਨਾਲੇ ’ਚ ਪਈਆਂ ਸੀਮਿੰਟ ਦੀਆਂ ਪਾਈਪਾਂ ਨਾਲ ਟਕਰਾ ਜਾਣ ਕਾਰਨ ਇਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।


Gurminder Singh

Content Editor

Related News