ਜੇਲ੍ਹ ਤੋਂ ਇਕ ਦਿਨ ਪਹਿਲਾਂ ਜ਼ਮਾਨਤ ’ਤੇ ਆਈ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ

05/06/2024 1:27:48 PM

ਲੁਧਿਆਣਾ (ਅਨਿਲ) : ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਬਾਜੜਾ ਮੋਡ ਦੇ ਕੋਲ ਬੀਤੀ ਦੁਪਹਿਰ ਨੂੰ ਇਕ ਔਰਤ ਦੀ ਲਾਸ਼ ਪੁਲਸ ਨੇ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੇਹਰਬਾਨ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਅੱਜ ਦੁਪਹਿਰ ਨੂੰ ਸੂਚਨਾ ਮਿਲੀ ਕਿ ਖਾਲੀ ਪਲਾਟ ’ਚ ਇਕ ਔਰਤ ਦੀ ਝਾੜੀਆਂ ’ਚ ਲਾਸ਼ ਪਈ ਹੈ। ਇਸ ਤੋਂ ਬਾਅਦ ਪੁਲਸ ਤੁਰੰਤ ਮੌਕੇ ’ਤੇ ਪੁੱਜੀ ਅਤੇ ਔਰਤ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਪੂਜਾ (28) ਪਤਨੀ ਬਲਕਾਰ ਸਿੰਘ ਨਿਵਾਸੀ ਜੱਸੀਆਂ ਦੇ ਰੂਪ ’ਚ ਕੀਤੀ ਗਈ ਹੈ। ਮ੍ਰਿਤਕ ਔਰਤ ਪੂਜਾ ਦੀ ਮਾਤਾ ਮਨਜੀਤ ਕੌਰ ਪਤਨੀ ਜਗੀਰ ਸਿੰਘ ਨਿਵਾਸੀ ਸੀੜਾ ਨੇ ਦੱਸਿਆ ਕਿ ਉਹ ਪੂਜਾ ਨੂੰ ਸ਼ਨੀਵਾਰ ਨੂੰ ਸੰਗਰੂਰ ਦੀ ਜੇਲ੍ਹ ’ਚੋਂ ਜ਼ਮਾਨਤ ’ਤੇ ਛੁਡਾ ਕੇ ਲਿਆਈ ਸੀ। ਅੱਜ ਸਵੇਰੇ ਉਸ ਦੀ ਲੜਕੀ ਨੇ ਉਸ ਨੂੰ 400 ਰੁ. ਮੰਗੇ ਕਿ ਉਸ ਨੇ ਦਵਾਈ ਲੈਣ ਜਾਣਾ ਹੈ। ਇਸ ਤੋਂ ਬਾਅਦ ਪੂਜਾ ਦਵਾਈ ਲੈਣ ਲਈ ਮਿਹਰਬਾਨ ਵੱਲ ਆ ਗਈ।

ਜਾਂਚ ਅਧਿਕਾਰੀ ਰਾਧੇ ਸ਼ਾਮ ਨੇ ਦੱਸਿਆ ਕਿ ਮ੍ਰਿਤਕ ਔਰਤ ਕਿਸੇ ਲੜਾਈ-ਝਗੜੇ ਦੇ ਮਾਮਲੇ ’ਚ ਸੰਗਰੂਰ ਜੇਲ੍ਹ ’ਚ ਬੰਦ ਸੀ, ਜਿੱਥੇ ਉਸ ਦੀ ਸ਼ਨੀਵਾਰ ਨੂੰ ਹੀ ਜ਼ਮਾਨਤ ਹੋਈ ਸੀ ਅਤੇ ਅੱਜ ਉਸ ਦੀ ਲਾਸ਼ ਬਾਜੜਾ ਮੋੜ ਕੋਲ ਖਾਲੀ ਪਲਾਟ ’ਚ ਪੁਲਸ ਨੇ ਬਰਾਮਦ ਕੀਤੀ। ਪੁਲਸ ਨੇ ਮੌਕੇ ’ਤੇ ਇਕ ਸਰਿੰਜ ਵੀ ਬਰਾਮਦ ਕੀਤੀ ਹੈ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਔਰਤ ਦੀ ਮੌਤ ਨਸ਼ਾ ਕਰਨ ਨਾਲ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤੀ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਸ ਨੇ ਔਰਤ ਦੀ ਮਾਤਾ ਦੇ ਬਿਆਨਾਂ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News