ਹਲਵਾਰਾ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਬਣਾਉਣ ਵੱਲ ਵੱਡਾ ਕਦਮ

Saturday, Jun 06, 2026 - 10:21 PM (IST)

ਹਲਵਾਰਾ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਬਣਾਉਣ ਵੱਲ ਵੱਡਾ ਕਦਮ

ਹਲਵਾਰਾ (ਲਾਡੀ) : ਹਲਵਾਰਾ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਵਿਕਸਤ ਕਰਨ ਲਈ ਸਰਕਾਰ ਅਤੇ ਹਵਾਈ ਅੱਡਾ ਮੈਨੇਜਮੈਂਟ ਨੇ ਯਤਨ ਤੇਜ਼ ਕਰ ਦਿੱਤੇ ਹਨ। ਇਸੇ ਤਹਿਤ ਨਾਗਰਿਕ ਉਡਾਣ ਸੁਰੱਖਿਆ ਬਿਊਰੋ (ਬੀ. ਸੀ. ਏ. ਐੱਸ.) ਦੀ ਇਕ ਉੱਚ ਪੱਧਰੀ ਟੀਮ ਨੇ ਦਿੱਲੀ ਤੋਂ ਹਲਵਾਰਾ ਪਹੁੰਚ ਕੇ ਹਵਾਈ ਅੱਡੇ ਦਾ ਵਿਸਥਾਰ ਨਾਲ ਨਿਰੀਖਣ ਕੀਤਾ। ਟੀਮ ਨੇ ਹਵਾਈ ਅੱਡੇ ਦੀਆਂ ਮੌਜੂਦਾ ਸੁਰੱਖਿਆ ਵਿਵਸਥਾਵਾਂ, ਯਾਤਰੀਆਂ ਲਈ ਉਪਲਬਧ ਸਹੂਲਤਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਦਾ ਜਾਇਜ਼ਾ ਲਿਆ।

ਬੀ. ਸੀ. ਏ. ਐੱਸ. ਦੇ ਖੇਤਰੀ ਨਿਰਦੇਸ਼ਕ ਸਿਕੰਦਰ ਦੀ ਅਗਵਾਈ ਹੇਠ ਆਈ ਟੀਮ ਨੇ ਹਵਾਈ ਅੱਡਾ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਇਸ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਾਂਗ ਸਹੂਲਤਾਂ ਮੁਹੱਈਆ ਕਰਵਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਟੀਮ ਵਲੋਂ ਹਵਾਈ ਅੱਡੇ ਦੇ ਪ੍ਰਸਤਾਵਿਤ ਫਲੋਰ ਪਲਾਨ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਯਾਤਰੀਆਂ ਦੀ ਆਵਾਜਾਈ ਲਈ ਬਣਾਏ ਗਏ ਰਸਤੇ, ਦਾਖਲਾ ਅਤੇ ਨਿਕਾਸ ਪ੍ਰਬੰਧ, ਸੁਰੱਖਿਆ ਜਾਂਚ ਕੇਂਦਰਾਂ ਅਤੇ ਉਡੀਕ ਹਾਲਾਂ ਦਾ ਵੀ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਅਧਿਕਾਰੀਆਂ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਭਵਿੱਖ ਵਿਚ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ’ਤੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਹਲਵਾਰਾ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਗੀਰ ਸਿੰਘ ਨੇ ਦੱਸਿਆ ਕਿ ਬੀ. ਸੀ. ਏ. ਐੱਸ. ਦੀ ਟੀਮ ਵਲੋਂ ਸੁਰੱਖਿਆ ਅਤੇ ਸੰਚਾਲਨ ਨਾਲ ਸਬੰਧਤ ਕਈ ਅਹਿਮ ਸੁਝਾਅ ਦਿੱਤੇ ਗਏ ਹਨ। ਇਨ੍ਹਾਂ ਸੁਝਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਵਾਈ ਅੱਡੇ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਹਵਾਈ ਅੱਡੇ ’ਤੇ ਯਾਤਰੀਆਂ ਨੂੰ ਵਧੀਆ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਸੁਰੱਖਿਆ ਮਾਪਦੰਡਾਂ ਨੂੰ ਵੀ ਅੰਤਰਰਾਸ਼ਟਰੀ ਪੱਧਰ ਅਨੁਸਾਰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਸਮੇਂ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਦਾ ਸੰਚਾਲਨ ਸਫਲਤਾਪੂਰਵਕ ਚੱਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਨੂੰ ਪੰਜਾਬ ਦੇ ਮਹੱਤਵਪੂਰਨ ਅੰਤਰਰਾਸ਼ਟਰੀ ਹਵਾਈ ਕੇਂਦਰ ਵਜੋਂ ਵਿਕਸਤ ਕਰਨ ਦਾ ਟੀਚਾ ਹੈ।

ਇਲਾਕੇ ਦੇ ਲੋਕਾਂ ਅਤੇ ਉਦਯੋਗਿਕ ਵਰਗ ਨੂੰ ਉਮੀਦ ਹੈ ਕਿ ਹਲਵਾਰਾ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਦਰਜਾ ਮਿਲਣ ਨਾਲ ਨਾ ਸਿਰਫ਼ ਯਾਤਰਾ ਸੁਵਿਧਾਜਨਕ ਹੋਵੇਗੀ, ਸਗੋਂ ਖੇਤਰ ਵਿਚ ਵਪਾਰ, ਉਦਯੋਗ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
 


author

Inder Prajapati

Content Editor

Related News