ਨਗਰ ਕੌਂਸਲ ਚੋਣਾਂ: ਦੋਰਾਹਾ ਪੁਲਸ ਨੇ ਹਿਰਾਸਤ ''ਚ ਲਏ ਪੋਲਿੰਗ ਬੂਥਾਂ ਨੇੜੇ ਘੁੰਮਦੇ ਸ਼ੱਕੀ ਵਿਅਕਤੀ

Tuesday, May 26, 2026 - 12:07 PM (IST)

ਨਗਰ ਕੌਂਸਲ ਚੋਣਾਂ: ਦੋਰਾਹਾ ਪੁਲਸ ਨੇ ਹਿਰਾਸਤ ''ਚ ਲਏ ਪੋਲਿੰਗ ਬੂਥਾਂ ਨੇੜੇ ਘੁੰਮਦੇ ਸ਼ੱਕੀ ਵਿਅਕਤੀ

ਦੋਰਾਹਾ (ਵਿਨਾਇਕ): ਨਗਰ ਕੌਂਸਲ ਦੋਰਾਹਾ ਦੀਆਂ ਚੋਣਾਂ ਦੌਰਾਨ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੂਰੀ ਸਖ਼ਤੀ ਅਤੇ ਚੌਕਸੀ ਵਰਤੀ ਜਾ ਰਹੀ ਹੈ। ਖ਼ਾਸ ਕਰਕੇ ਵਾਰਡ ਨੰਬਰ 14 ਅਤੇ 15 ਅਧੀਨ ਬਣਾਏ ਗਏ ਪੋਲਿੰਗ ਬੂਥਾਂ ‘ਤੇ ਪੁਲਸ ਦੀ ਵਿਸ਼ੇਸ਼ ਨਿਗਰਾਨੀ ਦੇਖਣ ਨੂੰ ਮਿਲੀ, ਜਿੱਥੇ ਪੁਲਸ ਟੀਮਾਂ ਵੱਲੋਂ ਲਗਾਤਾਰ ਗਸ਼ਤ ਅਤੇ ਚੈਕਿੰਗ ਮੁਹਿੰਮ ਚਲਾਈ ਗਈ।

ਚੋਣ ਮਾਹੌਲ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਬਣਾਈ ਰੱਖਣ ਲਈ ਪੁਲਸ ਅਧਿਕਾਰੀਆਂ ਦੀ ਅਗਵਾਈ ਹੇਠ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਪੋਲਿੰਗ ਕੇਂਦਰਾਂ ਦੇ ਆਲੇ-ਦੁਆਲੇ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ ‘ਤੇ ਖ਼ਾਸ ਨਜ਼ਰ ਰੱਖੀ। ਇਸ ਦੌਰਾਨ ਪੁਲਸ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਕੁਝ ਨੌਜਵਾਨਾਂ ਨੂੰ ਪੁਲਸ ਆਪਣੀ ਗੱਡੀ ਵਿਚ ਬਿਠਾ ਕੇ ਹੋਰ ਜਾਂਚ ਲਈ ਨਾਲ ਲੈ ਗਈ।

ਪੋਲਿੰਗ ਬੂਥਾਂ ਨੇੜੇ ਪੁਲਸ ਦੀ ਸਖ਼ਤ ਚੈਕਿੰਗ ਕਾਰਨ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਜਾਂ ਗੜਬੜੀ ਨੂੰ ਰੋਕਣ ਵਿਚ ਪ੍ਰਸ਼ਾਸਨ ਕਾਮਯਾਬ ਦਿਖਾਈ ਦਿੱਤਾ। ਪੁਲਸ ਵੱਲੋਂ ਬੂਥਾਂ ਦੇ ਆਲੇ-ਦੁਆਲੇ ਖੜ੍ਹੇ ਨੌਜਵਾਨਾਂ, ਬਿਨਾਂ ਕਾਰਨ ਇਕੱਠੇ ਹੋਏ ਲੋਕਾਂ ਅਤੇ ਬਾਹਰੀ ਵਿਅਕਤੀਆਂ ਦੀ ਪਛਾਣ ਵੀ ਜਾਂਚੀ ਗਈ। ਚੋਣਾਂ ਦੌਰਾਨ ਵੱਡੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਰਹੀ ਅਤੇ ਹਰ ਪੋਲਿੰਗ ਕੇਂਦਰ ‘ਤੇ ਸੁਰੱਖਿਆ ਕਰਮਚਾਰੀ ਚੌਕਸੀ ਨਾਲ ਡਿਊਟੀ ਨਿਭਾਉਂਦੇ ਨਜ਼ਰ ਆਏ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਦੇ ਹੋਏ ਕਰਵਾਉਣਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਰਾਰਤੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉੱਧਰ, ਪੋਲਿੰਗ ਕੇਂਦਰਾਂ ‘ਤੇ ਵੋਟਰਾਂ ਵਿਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਪੁਲਸ ਦੀ ਸਖ਼ਤੀ ਦੇ ਬਾਵਜੂਦ ਸ਼ਾਂਤੀਪੂਰਨ ਢੰਗ ਨਾਲ ਕਤਾਰਾਂ ਵਿਚ ਖੜ੍ਹ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ।


author

Anmol Tagra

Content Editor

Related News