ਪੇਪਰਲੈੱਸ ਹੋਵੇਗਾ ਨਗਰ ਨਿਗਮ ਦਾ ਜਨਰਲ ਹਾਊਸ, ਅਫਸਰਾਂ ਨਾਲ ਕੌਂਸਲਰਾਂ ਨੂੰ ਮਿਲਣਗੇ ਟੈਬ
Sunday, May 31, 2026 - 06:51 PM (IST)
ਲੁਧਿਆਣਾ (ਹਿਤੇਸ਼)- ਨਗਰ ਨਿਗਮ ਦਾ ਜਨਰਲ ਹਾਊਸ ਪੇਪਰਲੈੱਸ ਹੋਣ ਜਾ ਰਿਹਾ ਹੈ। ਇਹ ਦਾਅਵਾ ਸ਼ੁੱਕਰਵਾਰ ਨੂੰ ਜ਼ੋਨ ਡੀ ’ਚ ਹੋਈ ਮੀਟਿੰਗ ਦੌਰਾਨ ਮੇਅਰ-ਕਮਿਸ਼ਨਰ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਾਰਦਰਸ਼ਤਾ ਵਧਾਉਣ ਲਈ ਨਗਰ ਨਿਗਮਾਂ ’ਚ ਈ-ਆਫਿਸ ਅਤੇ ਈ-ਨਿਗਮ ਸਿਸਟਮ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਤਹਿਤ ਸ਼ੁਰੂਆਤੀ ਦੌਰ ’ਚ ਨਗਰ ਨਿਗਮ ’ਚ ਕਿਸੇ ਵੀ ਸਰਕਾਰੀ ਦਸਤਾਵੇਜ਼ ਦੀ ਡਿਜੀਟਲ ਮੂਵਮੈਂਟ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਅਗਲੇ ਪੜਾਅ ’ਚ ਜਨਰਲ ਹਾਊਸ ਅਤੇ ਐੱਫ. ਐਂਡ ਸੀ. ਸੀ. ਦੀ ਮੀਟਿੰਗ ਨੂੰ ਵੀ ਪੇਪਰਲੈੱਸ ਕੀਤਾ ਜਾ ਰਿਹਾ ਹੈ, ਜਿਸ ਲਈ ਅਫਸਰਾਂ ਨਾਲ ਕੌਂਸਲਰਾਂ ਨੂੰ ਵੀ ਟੈਬ ਮਿਲਣਗੇ, ਜਿਨ੍ਹਾਂ ਦੀ ਡਲਿਵਰੀ ਮਿਲਣੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਆਉਣ ਵਾਲੀ ਜਨਰਲ ਹਾਊਸ ਅਤੇ ਐੱਫ. ਐਂਡ ਸੀ. ਸੀ. ਦੀ ਮੀਟਿੰਗ ਦਾ ਏਜੰਡਾ ਆਨਲਾਈਨ ਜਾਰੀ ਕੀਤਾ ਜਾਵੇਗਾ, ਜਿਸ ਨਾਲ ਪੇਪਰ ਦੀ ਵੱਡੇ ਪੱਧਰ ’ਤੇ ਬੱਚਤ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਕੌਂਸਲਰਾਂ ਨੂੰ ਨਹੀਂ ਰਹੇਗੀ ਏਜੰਡਾ ਮਿਲਣ ’ਚ ਦੇਰੀ ਦੀ ਸ਼ਿਕਾਇਤ
ਨਗਰ ਨਿਗਮ ’ਚ ਕੌਂਸਲਰਾਂ ਵੱਲੋਂ ਆਮ ਤੌਰ ’ਤੇ ਜਨਰਲ ਹਾਊਸ ਅਤੇ ਐੱਫ. ਐਂਡ ਸੀ. ਸੀ. ਦੀ ਮੀਟਿੰਗ ਦਾ ਏਜੰਡਾ ਮਿਲਣ ’ਚ ਦੇਰ ਹੋਣ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਈ-ਨਿਗਮ ਸਿਸਟਮ ਲਾਗੂ ਹੋਣ ’ਤੇ ਏਜੰਡਾ ਪੇਸ਼ ਹੋਣ ਤੋਂ ਪਹਿਲਾਂ ਅਤੇ ਪਾਸ ਹੋਣ ਤੋਂ ਬਾਅਦ ਡਿਜੀਟਲ ਤਰੀਕੇ ਨਾਲ ਕੌਂਸਲਰਾਂ ਨੂੰ ਭੇਜਿਆ ਜਾਵੇਗਾ, ਜਿਸ ਲਈ ਕੌਂਸਲਰਾਂ ਨੂੰ ਆਨਲਾਈਨ Çਲਿੰਕ ਮਿਲੇਗਾ ਅਤੇ ਏਜੰਡਾ ਪੜ੍ਹਨ ਦਾ ਸਮਾਂ ਨਾ ਮਿਲਣ ਦੀ ਦਿੱਕਤ ਨਹੀਂ ਹੋਵੇਗੀ।
