ਪਾਇਲ ਨਗਰ ਕੌਂਸਲ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Friday, May 29, 2026 - 09:55 PM (IST)

ਪਾਇਲ ਨਗਰ ਕੌਂਸਲ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਪਾਇਲ (ਵਿਨਾਇਕ): ਪਾਇਲ ਨਗਰ ਕੌਂਸਲ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਸ਼ਾਨਦਾਰ ਅਤੇ ਮਜ਼ਬੂਤ ਮੁਕਾਬਲੇ ਤੋਂ ਉਤਸ਼ਾਹਿਤ ਪਾਰਟੀ ਵਰਕਰਾਂ ਅਤੇ ਸਮਰਥਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ-ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਵਾਰਡ ਨੰਬਰ 2 ਤੋਂ ਜੇਤੂ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਦਾ ਹਾਰ ਪਹਿਨਾ ਕੇ ਭਰਵਾਂ ਸਨਮਾਨ ਕੀਤਾ ਗਿਆ। ਇਸ ਮੌਕੇ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪਾਰਟੀ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕਮਾਤਰ ਮਜ਼ਬੂਤ ਅਤੇ ਅਸਲ ਖੇਤਰੀ ਪਾਰਟੀ ਹੈ, ਜਿਸ ਨੇ ਹਮੇਸ਼ਾਂ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਹੱਕਾਂ ਦੀ ਡਟ ਕੇ ਅਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ, ਤਜਰਬੇਕਾਰ ਅਤੇ ਲੋਕ-ਹਿਤੈਸ਼ੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਮੁੜ ਪੰਜਾਬ ਵਿੱਚ ਮਜ਼ਬੂਤੀ ਨਾਲ ਉਭਰ ਰਿਹਾ ਹੈ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਸ ਸੁਨਹਿਰੀ ਦੌਰ ਨੂੰ ਯਾਦ ਕਰਦੀ ਹੈ, ਜਦੋਂ ਸੂਬੇ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਗਏ ਸਨ। ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ, ਪੁਲਾਂ, ਸਿੱਖਿਆ ਸੰਸਥਾਵਾਂ, ਸਿਹਤ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਕਾਲੀ-ਭਾਜਪਾ ਸਰਕਾਰ ਨੇ ਇਤਿਹਾਸਕ ਕੰਮ ਕੀਤੇ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਨੌਜਵਾਨਾਂ ਅਤੇ ਹਰ ਵਰਗ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ।

ਇੰਜੀ. ਬੋਪਾਰਾਏ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਲੋਕ ਰਵਾਇਤੀ ਖੇਤਰੀ ਪਾਰਟੀ ਵਜੋਂ ਮੁੜ ਸ਼੍ਰੋਮਣੀ ਅਕਾਲੀ ਦਲ ਵੱਲ ਆਸ ਭਰੀ ਨਜ਼ਰ ਨਾਲ ਦੇਖ ਰਹੇ ਹਨ, ਕਿਉਂਕਿ ਅਕਾਲੀ ਦਲ ਹੀ ਪੰਜਾਬ ਦੇ ਮਸਲਿਆਂ ਨੂੰ ਸਮਝਣ ਅਤੇ ਉਨ੍ਹਾਂ ਦਾ ਹੱਲ ਕਰਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪਿੰਡ ਪੱਧਰ ਤੋਂ ਲੈ ਕੇ ਸ਼ਹਿਰੀ ਖੇਤਰਾਂ ਤੱਕ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਨੌਜਵਾਨ ਵਰਗ ਵੀ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਾਇਲ ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਿਲਿਆ ਭਰਪੂਰ ਸਮਰਥਨ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਲੋਕ ਮੁੜ ਅਕਾਲੀ ਦਲ ਦੀਆਂ ਲੋਕ-ਹਿਤੈਸ਼ੀ ਨੀਤੀਆਂ ’ਤੇ ਵਿਸ਼ਵਾਸ ਜਤਾ ਰਹੇ ਹਨ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਘਰ-ਘਰ ਤੱਕ ਪਾਰਟੀ ਦੀਆਂ ਨੀਤੀਆਂ ਪਹੁੰਚਾਉਣ ਦਾ ਸੱਦਾ ਦਿੱਤਾ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਜੇਤੂ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਦੇ ਹੋਏ ਇਲਾਕੇ ਦੇ ਵਿਕਾਸ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ।


author

Baljit Singh

Content Editor

Related News