ਵਿਆਹ ਦਾ ਝਾਂਸਾ ਦੇ ਕੇ ਬਣਾਏ ਸਬੰਧ! ਪੀੜਤਾ ਦੇ ਗਰਭਵਤੀ ਹੋਣ ਮਗਰੋਂ ਮੁੱਕਰਿਆ ਮੁਲਜ਼ਮ

Wednesday, Jun 03, 2026 - 05:55 PM (IST)

ਵਿਆਹ ਦਾ ਝਾਂਸਾ ਦੇ ਕੇ ਬਣਾਏ ਸਬੰਧ! ਪੀੜਤਾ ਦੇ ਗਰਭਵਤੀ ਹੋਣ ਮਗਰੋਂ ਮੁੱਕਰਿਆ ਮੁਲਜ਼ਮ

ਲੁਧਿਆਣਾ (ਰਾਜ): ਵਿਆਹ ਦਾ ਝਾਂਸਾ ਦੇ ਕੇ ਇਕ ਮਾਸੂਮ ਮੁਟਿਆਰ ਦੀ ਜ਼ਿੰਦਗੀ ਅਤੇ ਇੱਜ਼ਤ ਨਾਲ ਖਿਲਵਾੜ ਕਰਨ ਦਾ ਇਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਹਵਸ 'ਚ ਅੰਨ੍ਹੇ ਮੁੰਡੇ ਨੇ ਨਾ ਸਿਰਫ਼ ਮੁਟਿਆਰ ਦੀ ਮਰਜ਼ੀ ਦੇ ਖ਼ਿਲਾਫ਼ ਉਸ ਦੇ ਜਿਸਮ ਨੂੰ ਨੋਚਿਆ, ਸਗੋਂ ਉਸ ਨਾਲ ਗੈਰ-ਕੁਦਰਤੀ ਸਬੰਧ ਵੀ ਬਣਾਏ। ਜਦੋਂ ਪੀੜਤਾ ਗਰਭਵਤੀ ਹੋ ਗਈ ਤਾਂ ਨੌਜਵਾਨ ਨੇ ਵਿਆਹ ਕਰਵਾਉਣ ਤੋਂ ਵੀ  ਇਨਕਾਰ ਕਰ ਦਿੱਤਾ। ਹੁਣ ਡਾਬਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਗੌਰਵ ਕੁਮਾਰ ਦੇ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ, ਪੀੜਤਾ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਪੀੜਤਾ ਦੀ ਮੁਲਾਕਾਤ ਨਵੰਬਰ 2025 ਵਿਚ ਮੁਲਜ਼ਮ ਨਾਲ ਹੋਈ ਸੀ। ਮੁਲਾਕਾਤ ਤੋਂ ਬਾਅਦ ਮੁਲਜ਼ਮ ਦੀ ਨੀਅਤ ਡੋਲ ਗਈ ਅਤੇ ਉਸ ਨੇ ਮੁਟਿਆਰ ਨੂੰ ਆਪਣੀਆਂ ਗੱਲਾਂ ਦੇ ਜਾਲ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਪੀੜਤਾ ਨੂੰ ਜਲਦੀ ਹੀ ਵਿਆਹ ਦੇ ਬੰਧਨ ਵਿਚ ਬੱਝਣ ਦਾ ਅਜਿਹਾ ਝਾਂਸਾ ਦਿੱਤਾ ਕਿ ਮੁਟਿਆਰ ਉਸ ਦੇ ਝੂਠੇ ਵਾਅਦਿਆਂ ਨੂੰ ਸੱਚ ਮੰਨ ਬੈਠੀ। ਵਿਆਹ ਦਾ ਝਾਂਸਾ ਦੇਣ ਤੋਂ ਬਾਅਦ ਮੁਲਜ਼ਮ ਉਸ ਦੀ ਮਰਜ਼ੀ ਅਤੇ ਸਹਿਮਤੀ ਤੋਂ ਬਿਨਾਂ ਲਗਾਤਾਰ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਉਸ ਦੀ ਪੱਤ ਨਾਲ ਖੇਡਦਾ ਰਿਹਾ। ਦਰਿੰਦਗੀ ਦੀ ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਮੁਲਜ਼ਮ ਨੇ ਪੀੜਤਾ ਨਾਲ ਜ਼ਬਰਦਸਤੀ ਗੈਰ-ਕੁਦਰਤੀ ਤਰੀਕੇ ਨਾਲ ਵੀ ਸਬੰਧ ਬਣਾਏ। ਇਸ ਲਗਾਤਾਰ ਹੋ ਰਹੇ ਸਰੀਰਕ ਸ਼ੋਸ਼ਣ ਅਤੇ ਤਸੀਹਿਆਂ ਕਾਰਨ ਪੀੜਤਾ ਗਰਭਵਤੀ ਹੋ ਗਈ, ਜਿਸ ਤੋਂ ਬਾਅਦ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਦੋਂ ਉਸ ਨੇ ਨੌਜਵਾਨ ਨੂੰ ਦੱਸਿਆ ਅਤੇ ਵਿਆਹ ਕਰਨ ਲਈ ਕਿਹਾ ਤਾਂ ਮੁਲਜ਼ਮ ਸਾਫ਼ ਹੀ ਵਿਆਹ ਤੋਂ ਮੁਕਰ ਗਿਆ। ਇਸ ਤੋਂ ਬਾਅਦ ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ।


author

Anmol Tagra

Content Editor

Related News