ਲੁਧਿਆਣਾ ਦੀਆਂ 9 ਕੁੜੀਆਂ ''ਗਾਇਬ''! ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
Friday, Jun 05, 2026 - 12:04 PM (IST)
ਲੁਧਿਆਣਾ (ਰਾਜ)- ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿਚ ਵੱਖ-ਵੱਖ ਇਲਾਕਿਆਂ ਤੋਂ 9 ਕੁੜੀਆਂ ਦੇ ਅਚਾਨਕ ਗਾਇਬ ਹੋਣ ਦੇ ਮਾਮਲੇ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂਓ ਮੋਟੋ ਨੋਟਿਸ ਲਿਆ ਹੈ। ਕਮਿਸ਼ਨ ਨੇ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਹੈ ਕਿ ਪੰਜਾਬ ਅੰਦਰ ਔਰਤਾਂ ਤੇ ਧੀਆਂ ਦੇ ਮਾਣ-ਸਤਿਕਾਰ ਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਚੇਅਰਪਰਸਨ ਦੇ ਸਖ਼ਤ ਹੁਕਮਾਂ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਬਕਾਇਦਾ ਲਿਖਤੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਕਮਿਸ਼ਨ ਨੇ ਸਾਫ਼ ਕਿਹਾ ਹੈ ਕਿ ਇਸ ਬੇਹੱਦ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਕਿਸੇ ਜੂਨੀਅਰ ਮੁਲਾਜ਼ਮ ਤੋਂ ਕਰਵਾਉਣ ਦੀ ਬਜਾਏ ਤੁਰੰਤ ਕਿਸੇ ਸੀਨੀਅਰ ਅਧਿਕਾਰੀ ਨੂੰ ਸੌਂਪੀ ਜਾਵੇ। ਇਸ ਦੇ ਨਾਲ ਹੀ ਕਮਿਸ਼ਨ ਨੇ ਕਿਹਾ ਹੈ ਕਿ ਗਾਇਬ ਹੋਈਆਂ ਲੜਕੀਆਂ ਦੀ ਭਾਲ ਵਿਚ ਹੁਣ ਤੱਕ ਕੀ ਕਦਮ ਚੁੱਕੇ ਗਏ ਹਨ ਤੇ ਪੁਲਸ ਨੇ ਇਸ ’ਤੇ ਕੀ ਐਕਸ਼ਨ ਲਿਆ ਹੈ, ਦੀ ਪੂਰੀ ਵਿਸਥਾਰਤ ਰਿਪੋਰਟ 8 ਜੂਨ 2026 ਤੱਕ ਹਰ ਹਾਲ ਵਿਚ ਕਮਿਸ਼ਨ ਦੀ ਅਧਿਕਾਰਤ ਈ-ਮੇਲ ’ਤੇ ਭੇਜੀ ਜਾਵੇ।
